ਨਵੀਂ ਦਿੱਲੀ, 14 ਜੁਲਾਈ (ਪੋਸਟ ਬਿਊਰੋ): ਇਕ ਮਾਮਲਾ ਦਿੱਲੀ ਤੋਂ ਸਾਹਮਣੇ ਆਇਆ ਹੈ, ਜਿਥੇ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ 19 ਸਾਲਾ ਸਨੇਹਾ ਦੇਬਨਾਥ ਦੀ ਲਾਸ਼ ਐਤਵਾਰ ਸ਼ਾਮ ਨੂੰ ਯਮੁਨਾ ਨਦੀ ਤੋਂ ਬਰਾਮਦ ਹੋਈ। ਸਨੇਹਾ ਮੂਲ ਰੂਪ ਵਿੱਚ ਤ੍ਰਿਪੁਰਾ ਦੇ ਸਬਰੂਮ ਦੀ ਰਹਿਣ ਵਾਲੀ ਸੀ ਅਤੇ ਦੱਖਣੀ ਦਿੱਲੀ ਦੇ ਮਹਿਰੌਲੀ ਦੇ ਪਰਿਆਵਰਣ ਕੰਪਲੈਕਸ ਖੇਤਰ ਵਿੱਚ ਰਹਿੰਦੀ ਸੀ।
ਦੱਸ ਦੇਈਏ ਕਿ ਉਹ 7 ਜੁਲਾਈ ਦੀ ਸਵੇਰ ਤੋਂ ਹੀ ਲਾਪਤਾ ਸੀ। ਸਨੇਹਾ ਦੀ ਲਾਸ਼ ਐਤਵਾਰ ਸ਼ਾਮ ਨੂੰ ਗੀਤਾ ਕਲੋਨੀ ਫਲਾਈਓਵਰ ਦੇ ਹੇਠਾਂ ਨਦੀ ਵਿੱਚੋਂ ਮਿਲੀ। ਸਨੇਹਾ ਦੇ ਪਰਿਵਾਰ ਨੇ ਉਸਦੀ ਲਾਸ਼ ਦੀ ਪਛਾਣ ਕਰ ਲਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਮਹਿਰੌਲੀ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਦੱਖਣੀ ਦਿੱਲੀ ਦੇ ਡੀਸੀਪੀ ਅੰਕਿਤ ਚੌਹਾਨ ਅਨੁਸਾਰ, ਸਨੇਹਾ ਦਿੱਲੀ ਯੂਨੀਵਰਸਿਟੀ ਦੇ ਆਤਮਾ ਰਾਮ ਸਨਾਤਨ ਧਰਮ ਕਾਲਜ ਵਿੱਚ ਬੀ.ਐਸ.ਸੀ. ਦੀ ਵਿਦਿਆਰਥਣ ਸੀ। ਇੱਕ ਪਰਿਵਾਰਕ ਦੋਸਤ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਸਨੇਹਾ ਨੇ ਆਖਰੀ ਵਾਰ 7 ਜੁਲਾਈ ਨੂੰ ਸਵੇਰੇ 5.56 ਵਜੇ ਆਪਣੀ ਮਾਂ ਨੂੰ ਫ਼ੋਨ ਕੀਤਾ ਸੀ।
ਸਨੇਹਾ ਨੇ ਦੱਸਿਆ ਸੀ ਕਿ ਉਹ ਕਿਸੇ ਦੋਸਤ ਨੂੰ ਮਿਲਣ ਲਈ ਸਰਾਏ ਰੋਹਿਲਾ ਰੇਲਵੇ ਸਟੇਸ਼ਨ ਜਾਵੇਗੀ। ਫਿਰ ਉਸਦਾ ਫ਼ੋਨ ਬੰਦ ਹੋ ਗਿਆ। ਜਦੋਂ ਸਨੇਹਾ ਦੇ ਪਰਿਵਾਰ ਨੇ ਉਸਦੀ ਸਹੇਲੀ ਨੂੰ ਫ਼ੋਨ ਕੀਤਾ ਤਾਂ ਉਸਨੇ ਦੱਸਿਆ ਕਿ ਸਨੇਹਾ ਉਸਨੂੰ ਮਿਲਣ ਨਹੀਂ ਆਈ।