ਵਡੋਦਰਾ, 9 ਜੁਲਾਈ (ਪੋਸਟ ਬਿਊਰੋ): ਗੁਜਰਾਤ ਦੇ ਵਡੋਦਰਾ ਜਿ਼ਲ੍ਹੇ ਦੇ ਪਾਦਰਾ ਤਾਲੁਕਾ `ਚ ਆਨੰਦ ਅਤੇ ਪਾਦਰਾ ਨੂੰ ਜੋੜਨ ਵਾਲੇ ਪੁਲ ਦਾ ਇੱਕ ਹਿੱਸਾ ਢਹਿ ਗਿਆ। ਪੁਲ ਢਹਿਦੇ ਹੀ ਕਈ ਵਾਹਨ ਮਹੀਸਾਗਰ ਨਦੀ ‘ਚ ਡਿੱਗ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ ਨੌਂ ਜਣਿਆਂ ਦੀ ਮੌਤ ਹੋ ਗਈ ਹੈ, ਜਦੋਂ ਕਿ ਨੌਂ ਜਣਿਆਂ ਨੂੰ ਬਚਾ ਲਿਆ ਗਿਆ ਹੈ।
ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ‘ਚੋਂ ਹਰੇਕ ਮ੍ਰਿਤਕ ਦੇ ਪਰਿਵਾਰਾਂ ਨੂੰ ਦੋ ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।
ਮਿਲੀ ਜਾਣਕਾਰੀ ਮੁਤਾਬਕ ਆਨੰਦ ਅਤੇ ਪਾਦਰਾ ਨੂੰ ਜੋੜਨ ਵਾਲੇ ਪੁਲ ਦਾ ਇੱਕ ਹਿੱਸਾ ਬੁੱਧਵਾਰ ਸਵੇਰੇ ਮਹੀਸਾਗਰ ਨਦੀ ‘ਚ ਡਿੱਗ ਗਿਆ। ਸ਼ੁਰੂਆਤੀ ਜਾਣਕਾਰੀ ਮੁਤਾਬਕ ਦੋ ਟਰੱਕ, ਇੱਕ ਬੋਲੇਰੋ ਐਸਯੂਵੀ ਅਤੇ ਇੱਕ ਪਿਕਅੱਪ ਵੈਨ ਸਮੇਤ ਚਾਰ ਵਾਹਨ ਪੁਲ ਨੂੰ ਪਾਰ ਕਰ ਰਹੇ ਸਨ ਜਦੋਂ ਇਹ ਅਚਾਨਕ ਢਹਿ ਗਿਆ ਅਤੇ ਕਈ ਵਾਹਨ ਮਹੀਸਾਗਰ ਨਦੀ ‘ਚ ਡਿੱਗ ਗਏ। ਇਸ ਹਾਦਸੇ ਵਿੱਚ ਨੌਂ ਜਣਿਆਂ ਦੀ ਮੌਤ ਹੋ ਗਈ ਹੈ।
ਚਸ਼ਮਦੀਦਾਂ ਮੁਤਾਬਕ ਵਾਹਨਾਂ ਦੇ ਨਦੀ ‘ਚ ਡਿੱਗਣ ਤੋਂ ਪਹਿਲਾਂ ਇੱਕ ਤੇਜ਼ ਆਵਾਜ਼ ਸੁਣਾਈ ਦਿੱਤੀ। ਫਾਇਰ ਬ੍ਰਿਗੇਡ, ਸਥਾਨਕ ਪੁਲਿਸ ਅਤੇ ਵਡੋਦਰਾ ਜ਼ਿਲ੍ਹਾ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਏ ਅਤੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਸਥਾਨਕ ਲੋਕਾਂ ਨੇ ਵੀ ਜ਼ਖਮੀਆਂ ਨੂੰ ਮਲਬੇ ਤੋਂ ਕੱਢਣ ‘ਚ ਮੱਦਦ ਕੀਤੀ। ਹੁਣ ਤੱਕ ਤਿੰਨ ਜਣਿਆਂ ਨੂੰ ਬਚਾਇਆ ਗਿਆ ਹੈ ਅਤੇ ਨੇੜਲੇ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ।
ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਨੇ ਪੁਲ ਹਾਦਸੇ `ਤੇ ਦੁੱਖ ਪ੍ਰਗਟ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ਵਡੋਦਰਾ ਅਤੇ ਆਨੰਦ ਜ਼ਿਲ੍ਹਿਆਂ ਨੂੰ ਜੋੜਨ ਵਾਲੇ ਪੁਲ ‘ਤੇ ਹੋਏ ਦੁਖਦਾਈ ਹਾਦਸੇ ‘ਚ 9 ਜਣਿਆਂ ਦੀ ਮੌਤ ਹੋ ਗਈ ਹੈ। ਮੁੱਖ ਮੰਤਰੀ ਨੇ ਇੱਕ ਉੱਚ ਪੱਧਰੀ ਕਮੇਟੀ ਨੂੰ ਮੌਕੇ ‘ਤੇ ਭੇਜਿਆ ਹੈ ਅਤੇ ਇੱਕ ਵਿਸਤ੍ਰਿਤ ਰਿਪੋਰਟ ਮੰਗੀ ਹੈ। ਉਨ੍ਹਾਂ ਨੇ ਇਸ ਮਾਮਲੇ ‘ਚ ਸਖ਼ਤ ਕਾਰਵਾਈ ਦੇ ਨਿਰਦੇਸ਼ ਵੀ ਦਿੱਤੇ ਹਨ। ਇਸ ਦੇ ਨਾਲ ਹੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਡੋਦਰਾ ਪੁਲ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ, ਗੁਜਰਾਤ ‘ਚ ਇਹ ਹਾਦਸਾ ਬਹੁਤ ਦੁਖਦਾਈ ਅਤੇ ਦਰਦਨਾਕ ਹੈ।