ਬਰੈਂਪਟਨ, (ਡਾ. ਝੰਡ) – ਲੰਘੇ ਐਤਵਾਰ 6 ਜੁਲਾਈ ਨੂੰ ਫ਼ਲਾਵਰ ਸਿਟੀ ਫ਼ਰੈਂਡਜ਼ ਸੀਨੀਅਰਜ਼ ਕਲੱਬ ਨੇ ਸਥਾਨਕ ਪਲੈਸ਼ੀ ਰੀਕਰੀਏਸ਼ਨ ਸੈਂਟਰ ਵਿੱਚ ‘ਕੈਨੇਡਾ ਡੇਅ’ ਬੜੇ ਉਤਸ਼ਾਹ ਨਾਲ ਮਨਾਇਆ। ਭਾਈਚਾਰਕ ਤੇ ਦੇਸ਼-ਭਗਤੀ ਦੀ ਭਾਵਨਾ ਨਾਲ ਕਲੱਬ ਦੇ 100 ਤੋਂ ਵਧੀਕ ਮੈਂਬਰ ਇਸ ਸਮਾਗ਼ਮ ਵਿੱਚ ਸ਼ਾਮਲ ਹੋਏ। ਕਈ ਮਹਿਮਾਨਾਂ ਨੇ ਵੀ ਇਸ ਸਮਾਗ਼ਮ ਵਿੱਚ ਸ਼ਿਰਕਤ ਕੀਤੀ।
ਸਮਾਗ਼ਮ ਦਾ ਉਦਘਾਟਨ ਬਰੈਂਪਟਨ ਦੀ ਰੀਜਨਲ ਕੌਂਸਲਰ ਰੋਵੀਨਾ ਸੈਂਟੋਸ ਵੱਲੋਂ ਕੀਤਾ ਗਿਆ ਜਿਨ੍ਹਾਂ ਨੇ ਕਲੱਬ ਦੇ ਮੈਂਬਰਾਂ ਨਾਲ ਕੈਨੇਡਾ ਦੇ ਰਾਸ਼ਟਰੀ ਗੀਤ ‘ਓ ਕੈਨੇਡਾ’ ਦੇ ਗਾਇਨ ਤੇ ਹੋਰ ਕਈ ਆਈਟਮਾਂ ਵਿੱਚ ਭਰਵੀਂ ਸ਼ਮੂਲੀਅਤ ਕੀਤੀ। ਇਸ ਮੌਕੇ ਆਪਣੇ ਮੁੱਖ-ਭਾਸ਼ਨ ਦੌਰਾਨ ਉਨ੍ਹਾਂ ਕੈਨੇਡਾ ਦੀਆਂ ਮੁੱਢਲੀਆਂ ਤੇ ਬਹੁ-ਮੁੱਲੀਆਂ ਕਦਰਾਂ-ਕੀਮਤਾਂ ਬਰਾਬਰੀ, ਆਪਸੀ ਏਕਤਾ, ਇਸ ਦੇ ਬਹੁ-ਰੰਗੇ ਸੱਭਿਆਚਾਰ ਅਤੇ ਸੀਨੀਅਰਾਂ ਦੀ ਭਲਾਈ ਦੇ ਪ੍ਰੋਗਰਾਮਾਂ ਦੀ ਭਰਪੂਰ ਸਰਾਹਨਾ ਕਰਦਿਆਂ ਕਿਹਾ, “ਕੈਨੇਡਾ ਅਜਿਹਾ ਦੇਸ਼ ਹੈ ਜਿੱਥੇ ਹਰੇਕ ਨੂੰ ਵੱਧਣ-ਫੁੱਲਣ ਅਤੇ ਅੱਗੇ ਵੱਧਣ ਦੇ ਇੱਕੋ ਜਿਹੇ ਮੌਕੇ ਮਿਲਦੇ ਹਨ। ਸਾਨੂੰ ਆਪਣੇ ਸੀਨੀਅਰਜ਼ ਦੇ ਪ੍ਰੋਗਰਾਮਾਂ ਦੀ ਸਹਾਇਤਾ ਕਰਕੇ ਬੜਾ ਮਾਣ ਮਹਿਸੂਸ ਹੁੰਦਾ ਹੈ ਜਿਨ੍ਹਾਂ ਨਾਲ ਉਹ ਚੁਸਤ-ਦਰੁੱਸਤ, ਇਕੱਠੇ ਬੈਠੇ ਅਤੇ ਰੁੱਝੇ ਹੋਏਖ਼ੁਸ਼ ਨਜ਼ਰ ਆਉਂਦੇ ਹਨ।“
ਇਸ ਤੋਂ ਪਹਿਲਾਂ ਕਲੱਬ ਦੇ ਚੇਅਰਪਰਸਨ ਗਿਆਨ ਪਾਲ ਵੱਲੋਂ ਸਮੂਹ ਮੈਂਬਰਾਂ ਤੇ ਮਹਿਮਾਨਾਂ ਦਾ ਸੁਆਗ਼ਤ ਤੇ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਆਪਣੀ ਭਰਵੀਂ ਹਾਜ਼ਰੀ ਤੇ ਉਤਸ਼ਾਹ ਨਾਲ ਇਸ ਸਮਾਗ਼ਮ ਨੂੰ ਭਾਵਪੂਰਤ ਬਣਾਇਆ। ਇਸ ਸਮੇਂ ਬੋਲਦਿਆਂ ਉਨ੍ਹਾਂ ਕਿਹਾ, “ਸਾਡੇ ਸੀਨੀਅਰ ਸਾਡੀ ਕਮਿਊਨਿਟੀ ਦਾ ਦਿਲ ਹਨ। ਉਨ੍ਹਾਂ ਦੀ ਸ਼ਮੂਲੀਅਤ ਨਾਲ ਅਜਿਹੇ ਸਮਾਗ਼ਮ ਖ਼ੁਸ਼ੀਆਂ ਨਾਲ ਭਰਪੂਰ ਯਾਦਗਾਰੀ ਹੋ ਨਿੱਬੜਦੇ ਹਨ।“
ਸਮਾਗ਼ਮ ਦਾ ਮੁੱਖ ਆਕਰਸ਼ਨ ਕਲੱਬ ਦੇ ਸਰਗ਼ਰਮ ਮੈਂਬਰ ਸੁਦਰਸ਼ਨ ਕੁਲਾਰ ਵੱਲੋਂ ਕੈਨੇਡਾ ਦੇ ‘ਚਾਰਟਰ ਆਫ਼ ਰਾਈਟਸ ਐਂਡ ਫ਼ਰੀਡਮਜ਼’ ਬਾਰੇ ਦਿੱਤਾ ਗਿਆ ਭਾਸ਼ਨ ਸੀ ਜਿਸ ਵਿੱਚ ਉਨ੍ਹਾਂ ਨੇ ਕੈਨੇਡਾ ਵਿੱਚ ਬਰਾਬਰੀ, ਬੋਲਣ ਦੀ ਆਜ਼ਾਦੀ, ਜਿਊਣ ਦੀ ਆਜ਼ਾਦੀ ਅਤੇ ਸੁਰੱਖਿਅਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਆਪਣੇ ਸੰਬੋਧਨ ਵਿੱਚ ਉਨ੍ਹਾਂ ਲੋਕਾਂ ਵੱਲੋਂ ਇਕੱਠੇ ਹੋ ਕੇ ਐਸੋਸੀਏਸ਼ਨਾਂ ਬਨਾਉਣ, ਕੈਨੇਡਾ ਦੇ ਬਹੁ-ਸੱਭਿਆਚਾਰ ਤੇ ਇੱਥੋਂ ਦੀ ਅਨੇਕਤਾ ਵਿੱਚ ਏਕਤਾ ਦੀ ਗੱਲ ਬਾਖ਼ੂਬੀ ਕੀਤੀ। ਉਨ੍ਹਾਂ ਕਿਹਾ ਕਿ ਇਹ ਕੈਨੇਡਾ ਦੀ ਆਜ਼ਾਦੀ ਦੇ ਨੀਂਹ-ਪੱਥਰ ਹਨ ਅਤੇ ਕੈਨੇਡਾ-ਡੇਅ ਮਨਾਉਣ ਦੇ ਮੁੱਖ ਆਧਾਰ ਹਨ।
ਬਰੈਂਪਟਨ ਸੈਂਟਰ ਤੋਂ ਮੈਂਬਰ ਪਾਰਲੀਮੈਂਟ ਅਮਨਦੀਪ ਸੋਢੀ ਸਮਾਗ਼ਮ ਦੇ ਮੁੱਖ-ਮਹਿਮਾਨ ਵਜੋਂ ਪਧਾਰੇ। ਸੀਨੀਅਰਾਂ ਦੀ ਭਲਾਈ ਲਈ ਕਲੱਬ ਦੇ ਯਤਨਾਂ ਦੀ ਸਰਾਹਨਾਕਰਦਿਆਂ ਉਨ੍ਹਾਂ ਕਿਹਾ, “ਇਸ ਕਲੱਬ ਵੱਲੋਂ ਇਸ ਤਰ੍ਹਾਂ ਜੋਸ਼ ਤੇ ਉਤਸ਼ਾਹ ਨਾਲ ਕੈਨੇਡਾ-ਡੇਅ ਮਨਾਉਂਦਿਆਂ ਵੇਖ ਕੇ ਮੈਂ ਬੜਾ ਮਾਣ ਮਹਿਸੂਸ ਕਰ ਰਹੀ ਹਾਂ। ਇਹ ਕਲੱਬ ਸੀਨੀਅਰਾਂ ਦੀ ਸਿਹਤ-ਸੰਭਾਲ, ਸੁਰੱਖਿਆ ਅਤੇ ਕਮਿਊਨਿਟੀ- ਬਿਲਡਿੰਗ ਦਾ ਮਾਡਲ ਬਣ ਗਈ ਹੈ।“
ਇਸ ਦੇ ਨਾਲ ਹੀ ਯੋਗਾ ਇੰਸਟਰੱਕਟਰ ਅੰਜੁਲਾ ਕਾਬਲੀ ਵੱਲੋਂ ਯੋਗਾ ਸੈਸ਼ਨ ਵਿੱਚ ਸੀਨੀਅਰਾਂ ਨੂੰ ਬਾਲੀਵੁੱਡ ਫ਼ਿਲਮੀ ਗਾਣਿਆਂ ਦੇ ਨਾਲ ਸਿਹਤ ਸਬੰਧੀ ਕਈ ਮਹੱਤਵਪੂਰਨ ਆਸਣ ਕਰਵਾਏ ਗਏ। ਰੀਜਨਲ ਕੌਂਸਲਰ ਪਾਲ ਵਸੰਤੇ ਵੱਲੋਂ ਵੀ ਇਸ ਸਮਾਗ਼ਮ ਵਿੱਚ ਸ਼ਿਰਕਤ ਕੀਤੀ ਗਈ। ਉਨ੍ਹਾਂ ਵੱਲੋਂ ਇਸ ਕਲੱਬ ਵੱਲੋਂ ਸੀਨੀਅਰਾਂ ਲਈ ਕੀਤੇ ਜਾਂਦੇ ਵੱਖ-ਵੱਖ ਪ੍ਰੋਗਰਾਮਾਂ ਲਈ ਹਰ ਪ੍ਰਕਾਰ ਦੀ ਸਹਾਇਤਾ ਮੁਹੱਈਆ ਕਰਨ ਦਾ ਵਚਨ ਦਿੱਤਾ ਗਿਆ।
ਇਸ ਦੌਰਾਨ ਕਲੱਬ ਦੇ ਕਲਾਕਾਰ ਮੈਂਬਰਾਂ ਵੱਲੋਂ ਮਨੋਰੰਜਨ ਦੀਆਂ ਕਈ ਆਈਟਮਾਂ ਪੇਸ਼ ਕੀਤੀਆਂ ਗਈਆਂ। ਆਏ ਮਹਿਮਾਨ ਵੀ ਉਨ੍ਹਾਂ ਦੇ ਨਾਲ ਭੰਗੜੇ ਵਿੱਚ ਸ਼ਾਮਲ ਹੋਏ। ਸਾਰਿਆਂ ਨੇ ਮਿਲ ਕੇ ਸੁਆਦਲੇ ਖਾਣੇ ਦਾ ਅਨੰਦ ਮਾਣਿਆਂ ਅਤੇ ਸਮਾਗ਼ਮ ਦੀ ਸਮਾਪਤੀ ਕਲੱਬ ਦੇ ਚੇਅਰਮੈਨ ਗਿਆਨ ਪਾਲ ਦੇ ਇਨ੍ਹਾਂ ਧੰਨਵਾਦੀ ਸ਼ਬਦਾਂ ਨਾਲ ਹੋਈ, “ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਵਿੱਚ ਅਸੀਂ ਸੀਨੀਅਰਾਂ ਦੀ ਸਰੀਰਕ ਤੇ ਮਾਨਸਿਕ ਸਿਹਤ ਨੂੰ ਚੰਗੇਰੀ ਬਨਾਉਣ ਅਤੇ ਉਨ੍ਹਾਂ ਨੂੰ ਖ਼ੁਸ਼ ਰੱਖਣ ਲਈ ਵਚਨਬੱਧ ਹਾਂ। ‘ਕੈਨੇਡਾ-ਡੇਅ’ ਮਨਾਉਣਾ ਸਾਡੇ ਇਸ ਮਹਾਨ ਦੇਸ਼ ਦਾ ਕੇਵਲ ਜਸ਼ਨ ਹੀ ਨਹੀਂ ਹੈ, ਸਗੋਂ ਇਹ ਆਪਸੀ ਏਕਤਾ, ਚੰਗੇਰੀ ਸਿਹਤ ਅਤੇ ਖ਼ੁਸ਼ੀ ਦਾ ਪ੍ਰਤੀਕ ਹੈ।“ ਅਖ਼ੀਰ ਵਿੱਚ ਉਨ੍ਹਾਂ ਵੱਲੋਂ ਸਮੂਹ ਮੈਂਬਰਾਂ ਤੇ ਮਹਿਮਾਨਾਂ ਨੂੰ ‘ਕੈਨੇਡਾ-ਡੇਅ’ ਦੀ ਵਧਾਈ ਦਿੱਤੀ ਗਈ।