ਟੋਰਾਂਟੋ, 18 ਮਈ (ਪੋਸਟ ਬਿਊਰੋ): ਪਿਛਲੇ ਹਫ਼ਤੇ ਪੂਰਬੀ ਡੈਨਫੋਰਥ ਵਿੱਚ ਡਕੈਤੀ ਦੀ ਕੋਸ਼ਿਸ਼ ਦੌਰਾਨ ਦੋ ਇਲੈਕਟ੍ਰਿਕ ਸਕੂਟਰ ਵੇਚਣ ਵਾਲੇ ਇੱਕ ਵਿਅਕਤੀ 'ਤੇ ਹਮਲਾ ਕੀਤੇ ਜਾਣ ਤੋਂ ਬਾਅਦ ਟੋਰਾਂਟੋ ਪੁਲਿਸ ਦੋ ਸ਼ੱਕੀਆਂ ਦੀ ਭਾਲ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀ ਬੀਤੀ 5 ਮਈ ਸ਼ਾਮ ਨੂੰ ਡਾਵੇਸ ਰੋਡ ਦੇ ਪੂਰਬ ਵਿੱਚ ਡੈਨਫੋਰਥ ਅਤੇ ਕੈਲਵਿਨ ਐਵੇਨਿਊਜ਼ ਦੇ ਨੇੜੇ ਇੱਕ ਵਪਾਰਕ ਇਮਾਰਤ ਦੀ ਪਾਰਕਿੰਗ ਵਿੱਚ ਗਏ ਸਨ। ਸ਼ੱਕੀ ਦੋ ਇਲੈਕਟ੍ਰਿਕ ਸਕੂਟਰ ਵੇਚਣ ਵਾਲੇ ਨੂੰ ਮਿਲੇ ਅਤੇ ਬਾਅਦ ਵਿੱਚ ਕੀਮਤ 'ਤੇ ਸਹਿਮਤ ਹੋਏ। ਜਦੋਂ ਸ਼ੱਕੀਆਂ ਨੇ ਬਿਨਾਂ ਪੈਸੇ ਦਿੱਤੇ ਸਕੂਟਰ ਲੈਣ ਦੀ ਕੋਸਿ਼ਸ਼ ਕੀਤੀ, ਤਾਂ ਵੇਚਣ ਵਾਲੇ ਨੇ ਵਿਰੋਧ ਕੀਤਾ। ਸ਼ੱਕੀਆਂ ਨੇ ਫਿਰ ਕਥਿਤ ਤੌਰ 'ਤੇ ਵੇਚਣ ਵਾਲੇ 'ਤੇ ਹਮਲਾ ਕੀਤਾ।ਫਿਰ ਉਹ ਸਕੂਟਰਾਂ ਤੋਂ ਬਿਨਾਂ ਇਲਾਕੇ ਤੋਂ ਭੱਜ ਗਏ।
ਸ਼ਨੀਵਾਰ ਨੂੰ, ਜਾਂਚਕਰਤਾਵਾਂ ਨੇ ਦੋ ਲੋੜੀਂਦੇ ਸ਼ੱਕੀਆਂ ਦੀਆਂ ਫੋਟੋਆਂ ਜਾਰੀ ਕੀਤੀਆਂ। ਮੁਲਜ਼ਮ ਕਰੀਬ 20 ਸਾਲ ਦੇ, ਕੱਦ ਪੰਜ ਫੁੱਟ ਪੰਜ ਇੰਚ ਦੇ ਕਰੀਬ ਅਤੇ ਪਤਲੇ ਸਰੀਰ ਵਾਲੇ ਹਨ। ਇੱਕ ਨੂੰ ਆਖਰੀ ਵਾਰ ਨੇਵੀ ਹੂਡੀ, ਕਾਲੀ ਪੈਂਟ ਅਤੇ ਕਾਲੀ ਏਅਰ ਫੋਰਸ 1 ਸਨੀਕਰ ਪਹਿਨੇ ਦੇਖਿਆ ਗਿਆ ਸੀ। ਦੂਜੇ ਕੋਲ ਕਾਲੀ ਜੈਕੇਟ, ਕਾਲੀ ਹੂਡੀ, ਕਾਲੀ ਪੈਂਟ ਅਤੇ ਕਾਲੀ ਸਨੀਕਰ ਸਨ।