ਮਿਸੀਸਾਗਾ, 16 ਮਈ (ਪੋਸਟ ਬਿਊਰੋ): ਮਿਸੀਸਾਗਾ ਵਿੱਚ ਹਾਈਵੇਅ 401 ਦੀਆਂ ਪੂਰਬ ਵੱਲ ਜਾਣ ਵਾਲੀਆਂ ਐਕਸਪ੍ਰੈਸ ਲੇਨਾਂ ਵਿੱਚ ਸਾਮਾਨ ਲਿਜਾ ਰਿਹਾ ਇੱਕ ਟਰੈਕਟਰ-ਟ੍ਰੇਲਰ ਪਲਟਣ ਕਾਰਨ ਇੱਕ ਡਰਾਈਵਰ ਦੀ ਮੌਤ ਹੋ ਗਈ ਹੈ। ਹਾਦਸਾ ਸਵੇਰੇ ਕਰੀਬ 10:20 ਵਜੇ ਵਾਪਰਿਆ, ਜਿਸ ਤੋਂ ਬਾਅਦ ਹਾਈਵੇਅ ਜਾਮ ਹੋ ਗਿਆ। ਪੁਲਸ ਨੇ ਇਹ ਨਹੀਂ ਦੱਸਿਆ ਕਿ ਟਰੈਕਟਰ-ਟ੍ਰੇਲਰ ਕੀ ਲੈ ਕੇ ਜਾ ਰਿਹਾ ਸੀ। ਓਪੀਪੀ ਸਾਰਜੈਂਟ ਕੈਰੀ ਸ਼ਮਿਟ ਨੇ ਦੱਸਿਆ ਕਿ ਇਹ ਇੱਕ ਤੇਲ ਉਤਪਾਦ ਸੀ ਜੋ ਖ਼ਤਰਨਾਕ ਸਾਮਾਨ ਦੀ ਆਵਾਜਾਈ ਐਕਟ ਦੇ ਤਹਿਤ ਕੰਟ੍ਰੋਲ ਕੀਤਾ ਗਿਆ ਸੀ। ਇਹ ਕੋਈ ਵਿਸਫੋਟਕ ਸਮੱਗਰੀ ਨਹੀਂ ਸੀ।
ਅੱਗ ਬੁਝਾਊ ਅਮਲੇ ਨੇ ਪੁਸ਼ਟੀ ਕੀਤੀ ਕਿ ਉਤਪਾਦ ਸਥਿਰ ਹੈ ਅਤੇ ਇਸ ਨਾਲ ਆਲੇ ਦੁਆਲੇ ਦੇ ਖੇਤਰ ਲਈ ਕੋਈ ਖ਼ਤਰਾ ਨਹੀਂ ਹੈ। ਪੁਲਸ ਚਸ਼ਮਦੀਦਾਂ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੀ ਹੈ।