ਬਰੈਂਪਟਨ, (ਡਾ. ਝੰਡ) –ਲੰਘੇ ਵੀਰਵਾਰ 26 ਜੂਨ ਨੂੰ ਟਰੱਕਿੰਗ ਖ਼ੇਤਰ ਵੱਲੋਂ ਵਾਤਾਵਰਣ ਦੀ ਚੰਗੇਰੀ ਸਾਂਭ-ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਵਿੱਚ ‘ਦ ਟਰੱਕਿੰਗ ਨੈੱਟਵਰਕ’ ਵੱਲੋਂ ਕਈ ਟਰੱਕਿੰਗ ਕੰਪਨੀਆਂ ਦੇ ਸਹਿਯੋਗ ਨਾਲ ਸਥਾਨਕ ‘ਲਾਇਨਹੈੱਡ ਗੌਲਫ਼ ਕਲੱਬ ਕਨਵੈੱਨਸ਼ਨ ਸੈਂਟਰ’ ਵਿੱਚ ਸ਼ਾਨਦਾਰ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ। ਇਸ ਇੱਕ-ਦਿਨਾਂ ਕਾਨਫ਼ਰੰਸ ਵਿੱਚ ਟਰੱਕਿੰਗ ਖ਼ੇਤਰ ਨਾਲ ਜੁੜੇ 100 ਤੋਂ ਵਧੇਰੇ ਮਹੱਤਵਪੂਰਨ ਸ਼ਖ਼ਸੀਅਤਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਕਾਨਫ਼ਰੰਸ ਵਿੱਚ ਵਿਚਾਰ ਅਧੀਨ ਮੁੱਦਿਆਂ ਵਿੱਚ ਵਾਤਾਵਰਣ ਵਿੱਚ ਜ਼ਹਿਰੀਲੀਆਂ ਗੈਸਾਂ ਦੇ ਰਿਸਾਅ ਨੂੰ ਘੱਟ ਕਰਨ ਲਈ ਕੀਤੇ ਜਾ ਰਹੇ ਯਤਨਾਂ, ਇਸ ਦੇ ਲਈ ਦਿੱਤੇ ਜਾਣ ਵਾਲੇ ਲੋੜੀਂਦੇ ਆਦੇਸ਼, ਟਰੱਕ ਡਰਾਈਵਰਾਂ ਨੂੰ ਬਾਰਡਰ ਲੰਘਣ ਸਮੇਂ ਦਰਪੇਸ਼ ਚੁਣੌਤੀਆਂ ਅਤੇ ਨੇਵੀਗੇਸ਼ਨ ਗਲੋਬਲ ਟਰੇਡ ਪਾਲਸੀਆਂ ਤੇ ਉਨ੍ਹਾਂ ਦੀ ਪਾਲਣਾ, ਆਦਿ ਸ਼ਾਮਲ ਸਨ।
ਕਾਨਫ਼ਰੰਸ ਦਾ ਆਰੰਭ ਸਵੇਰੇ 7.30 ਵਜੇ ‘ਇਸਾਕ ਇਨਸਟਰੂਮੈਂਟਸ’ ਦੇ ਬਿਜ਼ਨੈਸ ਡਿਵੈੱਲਪਮੈਂਟ ਮੈਨੇਜਰ ਟੈਰੀ ਗਾਰਡਨਰ ਦੇ ਆਰੰਭਿਕ ਸ਼ਬਦਾਂ ਨਾਲ ਹੋਇਆ ਜਿਨ੍ਹਾਂ ਨੇ ਵਾਤਾਵਰਣ ਦੀ ਸੰਭਾਲ ਅਤੇ ਟਰੱਕਿੰਗ ਖ਼ੇਤਰ ਨੂੰ ਦਰਪੇਸ਼ ਚੁਣੌਤੀਆਂ ਬਾਰੇ ਆਪਣੇ ਮੁੱਲਵਾਨ ਵਿਚਾਰ ਪੇਸ਼ ਕੀਤੇ। ਇਸ ਦੇ ਨਾਲ ਹੀ ਵਿਸ਼ਵ ਪੱਧਰ ਦੇ ਉੱਘੇ ਅਰਥਸ਼ਾਸਤਰੀ ਬੀ.ਐੱਮ.ਓ. ਕੈਪੀਟਲ ਮਾਰਕੀਟਸ ਦੇ ਡਾਇਰੈੱਕਟਰ ਸਾਈ ਗੁਆਟੇਅਰੀ ਵੱਲੋਂ ਵਿਸ਼ਵ ਪੱਧਰ ‘ਤੇ ਚੱਲ ਰਹੇ ਅਜੋਕੇ ਇਕਨਾਮਿਕ ਟਰੈਂਡਜ਼ ਬਾਰੇ ਕਾਨਫ਼ਰੰਸ ਦਾ ਮੁੱਖ-ਭਾਸ਼ਨ ਦਿੱਤਾ ਗਿਆ।
ਕਾਨਫ਼ਰੰਸ ਦਾ ਪਹਿਲਾ ਸੈਸ਼ਨ ਬਾਰਡਰਾਂ ਉੱਪਰ ਟਰੱਕ ਡਰਾਈਵਰਾਂ ਨੂੰ ਆ ਰਹੀਆਂ ਦਿੱਕਤਾਂ ਅਤੇ ਅਮਰੀਕਾ ਦੀ ਟਰੇਡ ਪਾਲਿਸੀਆਂ ਤੇ ਪਾਲਣਾ ਸਬੰਧੀ ਸੀ ਜਿਸ ਦੇ ਪੈਨਲ ਵਿੱਚ ਜੀਨਟ ਸੇਂਟ ਪਿਅਰੇ, ਮਾਈਕਲ ਪੀਸ, ਮੈਕਰੋ ਰੋਮੈਨੋ, ਮਾਰਕ ਏ. ਏ. ਵਾਰਨਰ ਤੇ ਟਿਮੋਥੀ ਡਰੇਕ ਸ਼ਾਮਲ ਸਨ। ਡਿਫ਼ੈਂਸ ਟਰੇਡਗਲੋਬਲ ਲੌਜਿਸਟਿਕਸ ਦੇ ਪ੍ਰਿੰਸੀਪਲ ਕਨਸਲਟੈਂਟਅਜੈ ਗੁਪਤਾ ਵੱਲੋਂ ਇਸ ਪੈਨਲ ਦੇ ਮਾਡਰੇਟਰ ਦੀ ਭੂਮਿਕਾ ਨਿਭਾਈ ਗਈ।
‘ਕਰੌਸ ਬਾਰਡਰ ਟਰੇਡ ਐਂਡ ਕੰਪਲਾਇੰਸ’ ਦੇ ਅਗਲੇ ਸੈਸ਼ਨ ਦੇ ਪੈਨਲਿਸਟ ਗੈਰੀ ਕਰੋਅਥਰ, ਮਾਰਕ ਮੈਕਕੈਨਡਰੀ, ਨਾਡੀਆ ਵਾਟੋਵਾਜ਼ ਤੇ ਫਿਲਿਪ ਸਟਰੱਟ ਸਨ ਅਤੇ ਇਸ ਨੂੰ ਪੀਨਾ ਮੈਲਕਿਓਨਾ ਵੱਲੋਂ ਮਾਡਰੇਟ ਕੀਤਾ ਗਿਆ। ਟਰੱਕਾਂ ਦੀ ਚੋਰੀ ਤੇ ਇਨਸ਼ੋਅਰੈਂਸ ਕਲੇਮਾਂ ਸਬੰਧੀ ਅਗਲੇ ਸੈਸ਼ਨ ਦੇ ਮਾਡਰੇਟਰ ਟੈਰੀ ਗਾਰਡੀਨਰ ਸਨ ਅਤੇ ਇਸ ਦੇ ਪੈਨਲਿਸਟਾਂ ਵਿੱਚ ਡੌਨ ਵਿਲੀਅਮਜ਼,ਰਿਸਕ ਕੰਟਰੋਲ ਟਰਾਂਸਪੋਰਟ ਐਂਡ ਫਲੀਟ ਦੇ ਮੈਨੇਜਰ ਪੈਟਰਿਸ ਵੈਲੇਟ, ਜੌਹਨ ਫਾਰਕੁਹਰ, ਆਵੀ ਗੋਲਡਬਰਗ ਅਤੇ ਸਕੌਟ ਵਾਡੇ ਸਨ। ਵੱਖ-ਵੱਖ ਪੈਨੇਲਿਸਟਾਂ ਵੱਲੋਂ ਇਸ ਸੈਸ਼ਨ ਵਿੱਚ ਟਰੱਕਾਂ ਟਰੇਲਰਾਂ ਦੀ ਚੋਰੀ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਬੜੀ ਉਪਯੋਗੀ ਜਾਣਕਾਰੀ ਸਾਂਝੀ ਕੀਤੀ ਗਈ।
12.00 ਵਜੇ ਤੋਂ 12.45 ਤੱਕ ਹੋਈ ਲੰਚ ਬਰੇਕ ਤੋਂ ਬਾਅਦ ਹੋਏ ਸੈਸ਼ਨਾਂ ਵਿੱਚ ਵੀ ਏਸੇ ਤਰ੍ਹਾਂ ਚਾਰ ਸੈਸ਼ਨ ਹੋਏ ਜਿਨ੍ਹਾਂ ਵਿੱਚ ‘ਆਲਟਰਨੇਟਿਵ ਫ਼ਿਊਲ ਐਂਡ ਓ.ਈ.ਐੱਮ. ਆਈਨੋਵੇਸ਼ਨ’, ‘ਸਸਟੇਨੇਬਿਲਿਟੀ ਚੈਲਿੰਜਿਜ਼ ਇਨ ਟਰਾਂਸਪੋਰਟੇਸ਼ਨ ਐਂਡ ਡਿਸਟਰੀਬਿਊਸ਼ਨ’, ਇਨਫ਼ਰਾਸਟਰੱਕਚਰ ਐਂਡ ਕੰਪਲਾਇੰਸ ਐਨੇਬਲਿੰਗ ਆਈਨੋਵੇਸ਼ਨ ਐਕਰਾਸ ਦ ਸੈੱਕਟਰ’ ਅਤੇ ਸਸਟੇਨੇਬਿਲਿਟੀ ਮੀਟਸ ਫ਼ਾਈਨਾਂਸ਼ੀਅਲ ਰੀਆਲਿਟੀ’ ਮੁੱਖ ਤੌਰ ‘ਤੇ ਸ਼ਾਮਲ ਸਨ। ਇਨ੍ਹਾਂ ਸੈਸ਼ਨਾਂ ਵਿੱਚ ਵੀ ਵੱਖ-ਵੱਖ ਪੈਨਲਿਸਟਾਂ ਵੱਲੋਂ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਬਾਰੇ ਭਰਪੂਰ ਚਰਚਾ ਕੀਤੀ ਗਈ। ਹਾਜ਼ਰੀਨ ਵੱਲੋਂ ਵੀ ਕਈ ਸੁਆਲ ਪੈਨਲਿਸਟਾਂ ਨੂੰ ਪੁੱਛੇ ਗਏ ਜਿਨ੍ਹਾਂ ਦੇ ਜੁਆਬ ਉਨ੍ਹਾਂ ਵੱਲੋਂ ਵਿਸਥਾਰ ਪੂਰਵਕ ਦਿੱਤੇ ਗਏ।
ਕਾਨਫ਼ਰੰਸ ਦੀ ਸਮਾਪਤੀ ਵੱਲ ਵੱਧਦਿਆਂ ਟੈਨੈੱਕਸ ਲੌਜਿਸਟਿਕਸ ਦੇ ਡਾਇਰੈੱਕਟਰ ਆਫ਼ ਆਪਰੇਸ਼ਨਜ਼ ਐਂਡਰੇ ਸਿੰਘ ਵੱਲੋਂ ਕਾਨਫ਼ਰੰਸ ਦੀ ਸਮੁੱਚੀ ਕਾਰਵਾਈ ਨੂੰ ਬੜੇ ਭਾਵਪੂਰਤ ਸ਼ਬਦਾਂ ਵਿੱਚ ਸਮੇਟਿਆ ਗਿਆ। ਕਾਨਫ਼ਰੰਸ ਦੀ ਮੁੱਖ-ਆਯੋਜਿਕ ‘ਦ ਟਰੱਕਿੰਗ ਨੈੱਟਵਰਕ ਦੀ ਡਾਇਰੈੱਕਟਰ ਆਫ਼ ਸੇਲਜ਼ ਐਂਡ ਮਾਕੀਟਿੰਗ ਨਵੀਨ ਨਵ ਵੱਲੋਂ ਕਾਨਫ਼ਰੰਸ ਦੇ ਸਮੂਹ ਬੁਲਾਰਿਆਂ ਅਤੇ ਇਸ ਵਿੱਚ ਸ਼ਾਮਲ ਹੋਣ ਵਾਲੇ ਡੈਲੀਗੇਟਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਕਾਨਫ਼ਰੰਸ ਦੇ ਪ੍ਰਬੰਧਕਾਂ ਵੱਲੋਂ ਬਰੇਕ-ਫ਼ਾਸਟ ਤੇ ਲੰਚ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ। ਇਸ ਕਾਨਫ਼ਰੰਸ ਦੀ ਸਫ਼ਲਤਾ ਦੇ ਲਈ ਉਹ ਵਧਾਈ ਦੇ ਹੱਕਦਾਰ ਹਨ।
ਕਾਨਫ਼ਰੰਸ ਦੌਰਾਨ ਇੱਕ ਗੱਲ ਵਿਸ਼ੇਸ਼ ਤੌਰ ‘ਤੇ ਵੇਖਣ ਵਿੱਚ ਆਈ ਕਿ ਇਸ ਵਿੱਚ ਸ਼ਾਮਲ ਹੋਣ ਵਾਲੇ ਪੰਜਾਬੀ ਡੈਲੀਗੇਟਾਂ ਦੀ ਗਿਣਤੀ ਬੜੀ ਘੱਟ ਸੀ, ਹਾਲਾਂਕਿ ਕੇਵਲ ਬਰੈਂਪਟਨ ਤੇ ਇਸ ਦੇ ਆਸ-ਪਾਸਦੇ ਸ਼ਹਿਰਾਂ ਵਿੱਚ ਹੀ ਨਹੀਂ, ਸਗੋਂ ਕੈਨੇਡਾ ਦੀ ਸਮੁੱਚੀ ਟਰੱਕਿੰਗ ਇੰਡਸਟਰੀ ਵਿੱਚ ਉਨ੍ਹਾਂ ਦਾ ਕਾਫ਼ੀ ਬੋਲਬਾਲਾ ਹੈ। ਇਸ ਦੇ ਕਾਰਨ ਦੀ ਬਹੁਤੀ ਸਮਝ ਨਹੀਂ ਆ ਸਕੀ। ਹੋ ਸਕਦਾ ਹੈ ਕਿ ਟਰੱਕਿੰਗ ਇੰਡਸਟਰੀ ਦੀ ਬਿਹਤਰੀ ਲਈ ਹੋਣ ਵਾਲੀਆਂ ਉਹ ਅਜਿਹੀਆਂ ਕਾਨਫ਼ਰੰਸਾਂ ਵਿੱਚ ਉਨ੍ਹਾਂ ਦੀ ਬਹੁਤੀ ਦਿਲਚਸਪੀ ਨਾ ਹੋਵੇ ਜਾਂ ਇਸ ਖ਼ੇਤਰ ਵਿੱਚ ਅੱਜਕੱਲ੍ਹ ਚੱਲ ਰਹੀ ਮੰਦੀ ਹੋਵੇ ਜਾਂ ਕੋਈ ਹੋਰ ਵਿਸ਼ੇਸ਼ ਕਾਰਨ ਵੀ ਹੋ ਸਕਦੇ ਹਨ। ਵੈਸੇ, ਉਨ੍ਹਾਂ ਦਾ ਅਜਿਹੀਆਂ ਕਾਨਫ਼ਰੰਸਾਂ ਵਿੱਚ ਹਿੱਸਾ ਤਾਂ ਲੈਣਾ ਬਣਦਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਅੱਗੋਂ ਹੋਣ ਵਾਲੀਆਂ ਇਸ ਤਰ੍ਹਾਂ ਦੀਆਂ ਕਾਨਫ਼ਰੰਸਾਂ ਵਿੱਚ ਉਹ ਵੀ ਜ਼ਰੂਰ ਵੱਧ ਚੜ੍ਹ ਕੇ ਭਾਗ ਲੈਣਗੇ।