ਬਰੈਂਪਟਨ, (ਡਾ. ਝੰਡ): 64 ਸਾਲ ਦੀ ਉਮਰ ਵਿੱਚਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 ਨੂੰ ਆਯੋਜਿਤ ਕੀਤੇ ਗਏ ਵਿਸ਼ਵ ਪੱਧਰੀ ਮੁਕਾਬਲੇ ਵਿੱਚ ‘ਲੋਹੇ ਦਾ ਬੰਦਾ’ (ਆਇਰਨਮੈਨ) ਖ਼ਿਤਾਬ ਪ੍ਰਾਪਤ ਕਰਨ ਵਾਲੇ ਹਰਜੀਤ ਸਿੰਘ ਨੂੰ ਲੰਘੇ ਸ਼ੁੱਕਰਵਾਰ 8 ਮਈ ਨੂੰ ਬਰੈਂਪਟਨ ਸਿਟੀ ਕੌਂਸਲ ਵੱਲੋਂ ਸਥਾਨਕ ‘ਰੋਜ਼ ਥੀਏਟਰ’ ਵਿੱਚ ਹੋਏ ਇੱਕ ਪ੍ਰਭਾਵਸ਼ਾਲੀ ਸਮਾਗ਼ਮ ਵਿੱਚ ਮੇਅਰ ਪੈਟਰਿਕ ਬਰਾਊਨ ਵੱਲੋਂ ਸ਼ੀਸ਼ੇ ‘ਚ ਜੜਿਆ ਹੋਇਆ ਸ਼ਾਨਦਾਰ ਸਨਮਾਨ-ਚਿੰਨ੍ਹ ਦੇ ਕੇ ਸਾਲ 2024 ਦੇ ‘ਇੰਸਪੀਰੇਸ਼ਨਲ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।ਇਹ ਐਵਾਰਡ ਪ੍ਰਦਾਨ ਕਰਨ ਸਮੇਂ ਉਨ੍ਹਾਂ ਦੇ ਨਾਲ ਬਰੈਂਪਟਨ ਸਿਟੀ ਕੌਂਸਲ ਦੇ ਮੈਂਬਰ ਵਾਰਡ ਨੰਬਰ 1 ਤੇ 5 ਦੇ ਰੀਜਨਲ ਕੌਂਸਲਰ ਰੋਵੀਨਾ ਸੈਂਤੋਸ ਅਤੇ ਵਾਰਡ ਨੰਬਰ 3 ਤੇ 4 ਦੇ ਰੀਜਨਲ ਕੌਂਸਲਰਡੈਨਿਸ ਕੀਨਨ ਸ਼ਾਮਲ ਸਨ।
ਪਾਠਕਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ‘ਆਇਰਨਮੈਨ’ ਦਾ ਇਹ ਖ਼ਿਤਾਬ ਹਾਸਲ ਕਰਨਾ ਕੋਈ ‘ਖਾਲਾ ਜੀ ਦਾ ਵਾੜਾ’ ਨਹੀਂ ਹੈ। ਇਸ ਦੇ ਲਈ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਬੜੇ ਹੀ ਸਖ਼ਤ ਮੁਕਾਬਲੇ ਵਿੱਚੋਂ ਗੁਜ਼ਰਨਾ ਪੈਂਦਾ ਹੈ ਜਿਸ ਵਿੱਚ ਪਹਿਲਾਂ ਚਾਰ ਕਿਲੋਮੀਟਰ ਤੈਰਨਾ, ਫਿਰ180 ਕਿਲੋਮੀਟਰ ਸਾਈਕਲ ਚਲਾਉਣਾ ਤੇ ਇਸ ਦੇ ਤੀਸਰੇ ਪੜਾਅ ਵਿੱਚ 42 ਕਿਲੋਮੀਟਰ ਦੌੜਨਾ ਹੁੰਦਾ ਹੈ ਅਤੇ ਇਹ ਤਿੰਨੇ ਪੜਾਅ 16 ਘੰਟਿਆਂ ਵਿੱਚ ਪੂਰੇ ਕਰਨੇ ਹੁੰਦੇ ਹਨ। ਹਰਜੀਤਸਿੰਘ ਨੇ ਇਹ ਸੱਭ 27 ਅਕਤੂਬਰ 2024 ਨੂੰ ਅਮਰੀਕਾ ਦੇ ਕੈਲੇਫ਼ੋਰਨੀਆ ਸੂਬੇ ਦੇ ਮਸ਼ਹੂਰ ਸ਼ਹਿਰ ਸੈਕਰਾਮੈਂਟੋ ਵਿੱਚ ਸਫ਼ਲਤਾ ਪੂਰਵਕ ਕਰ ਕੇ ਵਿਖਾਇਆ ਅਤੇ ਵਿਸ਼ਵ ਪੱਧਰ ਦੇ ਇਸ ਈਵੈਂਟ ਦੇ ਪ੍ਰਬੰਧਕਾਂ ਕੋਲੋਂ ਇਹ ਵੱਕਾਰੀ ਖ਼ਿਤਾਬ ਹਾਸਲ ਕੀਤਾ।
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਬਰੈਂਪਟਨ ਸਿਟੀ ਕੌਂਸਲ ਵੱਲੋਂ ਦਿੱਤੇ ਜਾਣ ਵਾਲੇ ਸਲਾਨਾ ਐਵਾਰਡਾਂ ਨੂੰ ਹਾਸਲ ਕਰਨ ਲਈ ਵੀ ਇੱਕ ਖ਼ਾਸ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ। ਇਹ ਐਵਾਰਡ ਦੇਣ ਲਈ ਸਿਟੀ ਕੌਂਸਲ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਜਾਂਦਾ ਜਿਸ ਦੇ ਮੈਂਬਰ ਇਨ੍ਹਾਂ ਇਨਾਮਾਂ ਲਈ ਆਏ ਯੋਗ ਨਾਵਾਂ ਉੱਪਰ ਗੰਭੀਰਤਾ ਨਾਲ ਵਿਚਾਰ ਕਰਦੇ ਹਨ ਜਿਨ੍ਹਾਂ ਨੇ ਉਸ ਸਾਲ ਦੌਰਾਨ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ ਹੁੰਦੀਆਂ ਹਨ ਜਾਂ ਵਿਸ਼ੇਸ਼ ਸਮਾਜ-ਸੇਵੀ ਕੰਮ ਕੀਤੇ ਹੁੰਦੇ ਹਨ। ਸਾਲ 2024 ਦਾ ਇਹ ‘ਇੰਸਪੀਰੇਸ਼ਨਲ ਐਵਾਰਡ’ ਹਰਜੀਤ ਸਿੰਘ ਨੂੰ ਦੇਣ ਲਈ ਵੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਦੇ ਵੱਲੋਂ ਸਰਬਸੰਮਤੀ ਨਾਲ ਇਹ ਐਵਾਰਡ ਹਰਜੀਤ ਸਿੰਘ ਨੂੰ ਉਸ ਦੀ ਵਿਸ਼ਵ-ਪੱਧਰੀ ਪ੍ਰਾਪਤੀ ਨੂੰ ਮੁੱਖ ਰੱਖਦਿਆਂ ਹੋਇਆਂ ਦੇਣ ਦੀ ਸਿਫ਼ਾਰਸ਼ ਕੀਤੀ ਗਈ।
ਇਸ ਤੋਂ ਪਹਿਲਾਂ 4 ਮਈ ਐਤਵਾਰ ਦੇ ਦਿਨ ਮਾਲਟਨ ਗੁਰਦੁਆਰਾ ਸਾਹਿਬ ਤੋਂ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਤੱਕ ਸਜਾਏ ਗਏ ਸ਼ਾਨਦਾਰ ਨਗਰ ਕੀਰਤਨ ਜਿਸ ਵਿੱਚ ਇੱਕ ਲੱਖ ਤੋਂ ਵਧੇਰੇ ਸ਼ਰਧਾਲੂਆਂ ਨੇ ਭਾਗ ਲਿਆ, ਦੌਰਾਨ ਸਿੱਖ ਸਪਿਰਿਚੂਅਲ ਸੈਂਟਰ ਗੁਰਦੁਆਰਾ ਸਾਹਿਬ ਰੈਕਸਡੇਲ ਵਿਖੇ ਸਜੇ ਹੋਏ ਭਾਰੀ ਦੀਵਾਨ ਵਿੱਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੀ ਹਾਜ਼ਰੀ ਵਿੱਚ ਹਰਜੀਤ ਸਿੰਘ ਨੂੰ ਗੁਰੂਘਰ ਦੀ ਬਖ਼ਸ਼ਿਸ਼ ਸਿਰੋਪਾਓ ਅਤੇ ਸ਼ਾਨਦਾਨ ਸਨਮਾਨ-ਚਿੰਨ ਨਾਲ ਸਨਮਾਨਿਤ ਕੀਤਾ ਗਿਆ। ਹਰਜੀਤ ਸਿੰਘ ਦੀ ਇਹ ਮਾਣ-ਸਨਮਾਨ ਸਮੂਹ ਪੰਜਾਬੀ ਕਮਿਊਨਿਟੀ ਲਈ ਬੜੇ ਮਾਣ ਵਾਲੀ ਗੱਲ ਹੈ।
ਇੱਥੇ ਇਹ ਵਰਨਣਯੋਗ ਹੈ ਕਿ ਹਰਜੀਤ ਸਿੰਘ ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ਦਾ ਸਰਗ਼ਰਮ ਮੈਂਬਰ ਹੈ। ਉਹ ਪਿਛਲੇ ਕਈ ਸਾਲਾਂ ਤੋਂ ਇਸ ਕਲੱਬ ਵੱਲੋਂ ਵੱਖ-ਵੱਖ ਸ਼ਹਿਰਾਂ ਵਿੱਚ ਹੋਣ ਵਾਲੇ ਦੌੜਾਂ ਦੇ ਮੁਕਾਬਲਿਆਂ ਵਿੱਚ ਇਸ ਕਲੱਬ ਵੱਲੋਂ ਮੈਰਾਥਨ ਤੇ ਹਾਫ਼-ਮੈਰਾਥਨ ਦੌੜਾਂ ਵਿੱਚ ਭਾਗ ਲੈ ਰਿਹਾ ਹੈ ਅਤੇ ਇਸ ਕਲੱਬ ਦਾ ਅਤੇ ਪੰਜਾਬੀ ਕਮਿਊਨਿਟੀ ਦਾ ਨਾਂ ਰੌਸ਼ਨ ਕਰ ਰਿਹਾ ਹੈ। ਇਹ ਵੀ ਜ਼ਿਕਰਯੋਗ ਹੈ ਕਿ 25 ਮਈ ਨੂੰ ਬਰੈਂਪਟਨ ਦੇ ਚਿੰਗੂਅਕੂਜ਼ੀ ਪਾਰਕ ਵਿੱਚ ਹੋ ਰਹੇ ‘ਬੀਵੀਡੀ ਗਰੁੱਪ ਬਰੈਂਪਟਨ ਹਾਫ਼ ਮੈਰਾਥਨ’ ਈਵੈਂਟ ਵਿੱਚ ਇਸ ਕਲੱਬ ਦੇ 100 ਦੇ ਲੱਗਭੱਗ ਮੈਂਬਰ ਵੱਖ-ਵੱਖ ਦੌੜਾਂ ਵਿੱਚ ਹਿੱਸਾ ਲੈ ਰਹੇ ਹਨ ਅਤੇ ‘ਆਇਰਨਮੈਨ’ ਹਰਜੀਤ ਸਿੰਘ ਵੀ ਉਨ੍ਹਾਂ ਵਿੱਚ ਸ਼ਾਮਲ ਹੋਵੇਗਾ।