ਬਰੈਂਪਟਨ, 13 ਮਈ (ਪੋਸਟ ਬਿਊਰੋ): ਪਿਛਲੇ ਹਫਤੇ 4 ਮਈ 2025 ਨੂੰ ਮੁੰਬਈ ਵਿਖੇ ਸਤਿ ਸ੍ਰੀ ਅਕਾਲ ਚੈਰੀਟੇਬਲ ਟਰੱਸਟ ਵੱਲੋਂ ਮੁੰਬਈ ਦੀਆਂ ਹੋਰ ਸਿੱਖ ਜੱਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਇੱਕ ਸਮਾਗਮ ਦੌਰਾਨ ਗੁਰੂ ਅਮਰ ਦਾਸ ਅਪਾਹਜ ਆਸ਼ਰਮ, ਸਰਾਭਾ ਦੇ ਸੇਵਾਦਾਰ ਡਾ. ਨੌਰੰਗ ਸਿੰਘ ਮਾਂਗਟ ਨੂੰ ਟਰਾਫੀ, ਸ਼ਾਲ ਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ । ਡਾ. ਨੌਰੰਗ ਸਿੰਘ ਮਾਂਗਟ ਨੂੰ ਇਹ ਪੁਰਸਕਾਰ ਉਹਨਾਂ ਵੱਲੋਂ ਪਿਛਲੇ 20 ਸਾਲਾਂ ਤੋਂ ਲਾਵਾਰਸ-ਬੇਘਰ ਮਰੀਜ਼ਾਂ ਦੀ ਲਗਾਤਰ ਕੀਤੀ ਜਾ ਰਹੀ ਨਿਰਸਵਾਰਥ ਸੇਵਾ ਨੂੰ ਮੁੱਖ ਰੱਖਦੇ ਹੋਏ ਦਿੱਤਾ ਗਿਆ। ਪੁਰਸਕਾਰ ਦੇਣ ਸਮੇਂ ਸਤਿ ਸ੍ਰੀ ਅਕਾਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਸ. ਪੂਰਨ ਸਿੰਘ ਬਾਂਗਾ, ਪ੍ਰਧਾਨ ਐਚ. ਐਸ. ਮਹਿਤਾ, ਜਨਰਲ ਸੈਕਟਰੀ ਇੰਦਰਜੀਤ ਸਿੰਘ ਤੋਂ ਇਲਾਵਾ ਟਰੱਸਟ ਦੇ ਹੋਰ ਮਂੈਬਰ ਅਤੇ ਬਹੁਤ ਸਾਰੀਆਂ ਸਿੱਖ ਜੱਥੇਬੰਦੀਆਂ ਵੱਲੋਂ ਨਾਮਵਰ ਸ਼ਖ਼ਸੀਅਤਾਂ ਮੌਜੂਦ ਸਨ। ਇਹ ਸਮਾਗਮ ਮੁੰਬਈ ਵਿਖੇ ਗੁਰੂ ਨਾਨਕ ਖਾਲਸਾ ਕਾਲਜ ਦੇ ਆਡੀਟੋਰੀਅਮ ਵਿੱਚ ਆਯੋਜਤ ਕੀਤਾ ਗਿਆ ਸੀ।
ਪੀ. ਏ. ਯੂ. ਲੁਧਿਆਣਾ, ਯੂਨੀਵਰਸਿਟੀ ਆਫ਼ ਵਿੰਡਸਰ (ਕੈਨੇਡਾ) ਅਤੇ ਮੌਰੀਸਨ ਸਾਇੰਟਿਫਿਕ ਰੀਸਰਚ ਕੰਪਨੀ ਕੈਲਗਰੀ (ਕੈਨੇਡਾ) ਦੇ ਸਾਬਕਾ ਪ੍ਰੋਫੈਸਰ ਅਤੇ ਸਾਇੰਸਦਾਨ ਡਾ. ਨੌਰੰਗ ਸਿੰਘ ਮਾਂਗਟ ਨੇ ਕਈ ਸਾਲ ਲੁਧਿਆਣਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਾਇਕਲ ਤੇ ਫਿਰਕੇ ਸੜਕਾਂ ਕੰਢੇ ਪਏ ਬੇਘਰ, ਲਾਵਾਰਸ, ਅਪਾਹਜ ਅਤੇ ਬਿਮਾਰ ਲੋੜਵੰਦਾਂ ਦੀ ਸੇਵਾ-ਸੰਭਾਲ ਕੀਤੀ । ਅਜਿਹੇ ਲੋਕਾਂ ਦੀ ਹੋਰ ਬਿਹਤਰ ਢੰਗ ਨਾਲ ਸੇਵਾ-ਸੰਭਾਲ ਕਰਨ ਲਈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਦੇ ਨਜ਼ਦੀਕ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਬਣਵਾਇਆ।
ਡਾ. ਨੌਰੰਗ ਸਿੰਘ ਮਾਂਗਟ ਦੇ ਦੱਸਣ ਮੁਤਾਬਕ ਇਸ ਆਸ਼ਰਮ ਵਿੱਚ ਹੁਣ 225 ਦੇ ਕਰੀਬ ਅਪਾਹਜ, ਬੇਸਹਾਰਾ, ਨੇਤਰਹੀਣ, ਅਧਰੰਗ ਦੀ ਬਿਮਾਰੀ ਵਾਲੇ, ਸ਼ੂਗਰ, ਏਡਜ਼, ਕਾਲਾ ਪੀਲੀਆ, ਟੀ.ਬੀ, ਦਿਮਾਗੀ ਸੰਤੁਲਨ ਗੁਆ ਚੁੱਕੇ, ਲਾਇਲਾਜ ਰੋਗਾਂ ਨਾਲ ਪੀੜਤ ਲਾਵਾਰਸ, ਬੇਘਰ ਤੇ ਗਰੀਬ ਲੋਕ ਪੱਕੇ ਤੌਰ ‘ਤੇ ਰਹਿ ਰਹੇ ਹਨ। ਇਹਨਾਂ ‘ਚ ਜ਼ਿਆਦਾਤਰ ਉਹ ਹਨ ਜਿਹਨਾਂ ਨੂੰ ਸੜਕਾਂ ‘ਤੋਂ ਬਹੁਤ ਤਰਸਯੋਗ ਹਾਲਤ ‘ਚ ਚੁੱਕ ਕੇ ਲਿਆਂਦਾ ਗਿਆ ਸੀ। ਇਹਨਾਂ ਸਵਾ ਦੋ ਸੌ (225) ਲਾਵਾਰਸ-ਬੇਘਰ ਮਰੀਜ਼ਾਂ ‘ਚ ਸਵਾ ਸੌ (125) ਦੇ ਕਰੀਬ ਮਰੀਜ਼ਾਂ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ । ਅੱਸੀ ਦੇੇ ਕਰੀਬ ਅਜਿਹੇ ਹਨ ਜਿਹਨਾਂ ਨੂੰ ਆਪਣੀ ਸੁੱਧ-ਬੁੱਧ ਨਹੀਂ ਹੈ, ਉਹ ਆਪਣੇ ਬਾਰੇ ਕੁੱਝ ਵੀ ਦੱਸਣ ਤੋਂ ਅਸਮਰੱਥ ਹਨ । ਸੱਠ (60) ਦੇ ਕਰੀਬ ਮਰੀਜ਼ ਅਜਿਹੇ ਹਨ ਜੋ ਆਪਣੀ ਕਿਰਿਆ ਆਪ ਨਹੀਂ ਸੋਧ ਸਕਦੇ ਅਤੇ ਮਲ-ਮੂਤਰ ਵੀ ਕੱਪੜਿਆਂ ਵਿੱਚ ਹੀ ਕਰਦੇ ਹਨ। ਅਜਿਹੇ ਲੋੜਵੰਦਾਂ ਦੀ ਨਿਸ਼ਕਾਮ ਸੇਵਾ-ਸੰਭਾਲ ਕਰਨ ਦੇ ਨਾਲ-ਨਾਲ ਮੁਫ਼ਤ ਮੈਡੀਕਲ ਸਹਾਇਤਾ ਦੇ ਕੇ ਉਹਨਾਂ ਦੀ ਜ਼ਿੰਦਗੀ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ । ਆਸ਼ਰਮ ਵਿੱਚ ਰਹਿਣ ਵਾਲੇ ਲੋੜਵੰਦਾਂ ਨੂੰ ਮੰਜਾ-ਬਿਸਤਰਾ, ਮੈਡੀਕਲ ਸਹਾਇਤਾ, ਗੁਰੂ ਦਾ ਲੰਗਰ, ਕੱਪੜੇ ਆਦਿ ਹਰ ਜ਼ਰੂਰੀ ਵਸਤੂ ਮੁਫ਼ਤ ਮੁਹੱਈਆ ਕਰਵਾਈ ਜਾਂਦੀ ਹੈ।
ਚਾਲੀ (40) ਦੇ ਕਰੀਬ ਸਟਾਫ਼ ਤੇ ਸੇਵਾਦਾਰ ਆਸ਼ਰਮ ‘ਚ ਕੰਮ ਕਰਦੇੇ ਹਨ । ਸੇਵਾਦਾਰ ਇਹਨਾਂ ਮਰੀਜ਼ਾਂ ਨੂੰ ਇਸ਼ਨਾਨ ਕਰਾਉਂਦੇ ਹਨ, ਕਪੜੇ ਬਦਲੀ ਕਰਦੇ ਹਨ। ਲਾਚਾਰ ਮਰੀਜ਼ਾਂ ਨੂੰ ਖਾਣਾ ਵੀ ਆਪ ਖੁਆਉਂਦੇ ਹਨ। ਡਾਕਟਰ ਤੇ ਨਰਸਾਂ ਮਰੀਜ਼ਾਂ ਨੂੰ ਦੁਆਈਆਂ ਦਿੰਦੇ ਹਨ । ਇੱਥੇ ਤਕਰੀਬਨ ਤਿੰਨ ਸੌ ਮਰੀਜ਼ਾਂ ਤੇ ਸੇਵਾਦਾਰਾਂ ਲਈ ਲੰਗਰ ਤਿਆਰ ਹੁੰਦਾ ਹੈ। ਇਹਨਾਂ ਮਰੀਜ਼ਾਂ ਤੇ ਆਉਣ ਵਾਲਾ ਤਿੰਨ ਕਰੋੜ ਦੇ ਕਰੀਬ ਸਾਲਾਨਾ ਖਰਚਾ ਸੰਗਤਾਂ ਦੇ ਸਹਿਯੋਗ ਅਤੇ ਅਸੀਸਾਂ ਨਾਲ ਹੀ ਚਲਦਾ ਹੈ।। ਆਸ਼ਰਮ ਵਾਰੇ ਹੋਰ ਜਾਣਕਾਰੀ ਲਈ ਸੰਪਰਕ: ਆਸ਼ਰਮ (ਇੰਡੀਆ):95018-42505; ਕੈਨੇਡਾ: 403-401-8787 ।