ਬਰੈਂਪਟਨ, 12 ਸਤੰਬਰ (ਪੋਸਟ ਬਿਊਰੋ): ਕੈਨੇਡਾ ਦੇ ਵਰਲਡ ਸਿੱਖ ਆਰਗੇਨਾਈਜੇਸ਼ਨ (WSO) ਨੇ ਵਿਲੀਅਮ ਆਸਲਰ ਹੈਲਥ ਸਿਸਟਮ ਦੇ ਸੀਈਓ ਡਾ. ਫਰੈਂਕ ਮਾਰਟੀਨੋ ਨੂੰ ਪੱਤਰ ਲਿਖਕੇ ਬਰੈਂਪਟਨ ਸਿਵਿਕ ਹਸਪਤਾਲ ਵਿੱਚ ਹੋਈ ਇੱਕ ਬੇਹੱਦ ਪ੍ਰੇਸ਼ਾਨ ਕਰਨ ਵਾਲੀ ਘਟਨਾ `ਤੇ ਹੈਰਾਨੀ ਅਤੇ ਰੋਸ ਪ੍ਰਗਟ ਕੀਤਾ ਹੈ, ਜਿੱਥੇ ਇੱਕ ਬਜ਼ੁਰਗ ਸਿੱਖ ਮਰੀਜ਼ ਦੀ ਬਿਨ੍ਹਾਂ ਆਗਿਆ ਦੇ ਦਾੜੀ ਕੱਟੀ ਗਈ। ਸ੍ਰੀ ਜੋਗਿੰਦਰ ਸਿੰਘ ਕਲੇਰ, ਇੱਕ ਪ੍ਰੈਕਟਿਸਿੰਗ ਸਿੱਖ ਮਰੀਜ਼ ਨਾਲ ਜੁੜੀ ਇਹ ਘਟਨਾ ਪਿਛਲੇ ਮਹੀਨੇ ਹੋਈ, ਜਦੋਂਕਿ ਸ੍ਰੀ ਕਲੇਰ ਦੇ ਪਰਿਵਾਰ ਨੇ ਸਪੱਸ਼ਟ ਨਿਰਦੇਸ਼ ਦਿੱਤੇ ਸਨ ਕਿ ਉਹ ਉਨ੍ਹਾਂ ਦੀ ਧਾਰਮਿਕ ਮਾਨਤਾਵਾਂ ਦਾ ਸਨਮਾਨ ਕਰਨ ਅਤੇ ਉਨ੍ਹਾਂ ਦੀ ਦਾੜੀ ਨਾ ਕੱਟਣ। ਸ੍ਰੀ ਕਲੇਰ ਸਿੱਖ ਧਰਮ ਦੇ ਨਿਯਮਾਂ ਦਾ ਪਾਲਣ ਕਰਦੇ ਹਨ, ਜਿਸ ਵਿੱਚ ਬਿਨ੍ਹਾਂ ਕੱਟੇ ਵਾਲ ਰੱਖਣਾ ਵੀ ਸ਼ਾਮਿਲ ਹੈ। ਵਾਲਾਂ ਨੂੰ ਸ਼ੇਵ ਕਰਨਾ ਜਾਂ ਕੱਟਣਾ ਸਿੱਖ ਧਰਮ ਦੀਆਂ ਮਾਨਤਾਵਾਂ ਦੀ ਉਲੰਘਣਾ ਹੈ।
ਹਸਪਤਾਲ ਨੇ ਸ੍ਰੀ ਕਲੇਰ ਦੇ ਪਰਿਵਾਰ ਤੋਂ ਉਨ੍ਹਾਂ ਦੀ ਦਾੜੀ ਬਣਾਉਣ ਦੀ ਆਗਿਆ ਮੰਗਣ ਲਈ ਸੰਪਰਕ ਕੀਤਾ। ਹਾਲਾਂਕਿ ਸ੍ਰੀ ਕਲੇਰ ਬੇਹੋਸ਼ ਸਨ ਅਤੇ ਆਪਣੇ ਆਪ ਸਹਿਮਤੀ ਦੇਣ ਵਿੱਚ ਅਸਮਰਥ ਸਨ, ਇਸ ਲਈ ਪਰਿਵਾਰ ਨੇ ਸਪੱਸ਼ਟ ਰੂਪ ਤੋਂ ਬੇਨਤੀ ਨੂੰ ਅਪ੍ਰਵਾਨ ਕਰ ਦਿੱਤਾ। ਫਿਰ ਵੀ, 28 ਜਾਂ 29 ਅਗਸਤ ਨੂੰ ਸ੍ਰੀ ਕਲੇਰ ਨੂੰ ਉਨ੍ਹਾਂ ਦੇ ਧਾਰਮਿਕ ਸਿੱਧਾਂਤਾਂ ਅਤੇ ਵਿਅਕਤੀਗਤ ਗਰਿਮਾ ਦੀ ਉਲੰਘਣਾ ਕਰਦੇ ਹੋਏ ਜ਼ਬਰਨ ਦਾੜੀ ਕੱਟੀ ਗਈ। ਸ੍ਰੀ ਕਲੇਰ ਨੇ ਇਸ ਉਲੰਘਣਾ ਤੋਂ ਪਹਿਲਾਂ ਆਪਣੇ ਜੀਵਨ ਵਿੱਚ ਕਦੇ ਦਾੜੀ ਨਹੀਂ ਕੱਟੀ ਸੀ। ਪਰਿਵਾਰ ਦੀ ਇੱਛਾ ਅਨੁਸਾਰ ਘਟਨਾ ਤੋਂ ਪਹਿਲਾਂ ਅਤੇ ਬਾਅਦ ਵਿੱਚ ਸ੍ਰੀ ਕਲੇਰ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ।
ਇਸ ਘਟਨਾ ਨੇ ਨਾ ਸਿਰਫ਼ ਸ੍ਰੀ ਕਲੇਰ ਦੇ ਪਰਿਵਾਰ ਨੂੰ ਭਾਵਨਾਤਮਕ ਰੂਪ ਤੋਂ ਪ੍ਰੇਸ਼ਾਨ ਕੀਤਾ ਹੈ, ਸਗੋਂ ਪਹਿਲਾਂ ਤੋਂ ਹੀ ਚੁਣੌਤੀ ਭਰਪੂਰ ਸਮੇਂ ਵਿੱਚ ਉਨ੍ਹਾਂ ਨੂੰ ਡੂੰਘੀ ਸੱਟ ਲੱਗੀ ਹੈ।
ਮੌਜੂਦ ਅਧਿਕਾਰੀਆਂ ਨੇ ਘਟਨਾ ਲਈ ਨਰਸਿੰਗ ਸਟਾਫ ਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਹਸਪਤਾਲ ਵਲੋਂ ਰਸਮੀ ਮੁਆਫੀ ਜਾਂ ਤਸੱਲੀਬਖਸ਼ ਸਪੱਸ਼ਟੀਕਰਨ ਨਾ ਮਿਲਣ ਨਾਲ ਸਥਿਤੀ ਹੋਰ ਵਿਗੜ ਗਈ।
WSO ਦੇ ਪ੍ਰਧਾਨ ਦਾਨਿਸ਼ ਸਿੰਘ ਨੇ ਅੱਜ ਕਿਹਾ ਕਿ ਸ੍ਰੀ ਕਲੇਰ ਨਾਲ ਹੋਈ ਘਟਨਾ ਤੋਂ ਅਸੀਂ ਬਹੁਤ ਦੁਖੀ ਹਾਂ। ਉਨ੍ਹਾਂ ਦੇ ਪਰਿਵਾਰ ਵੱਲੋਂ ਦਾੜੀ ਨਾ ਬਣਾਉਣ ਦੇ ਵਿਸ਼ੇਸ਼ ਨਿਰਦੇਸ਼ਾਂ ਦੇ ਬਾਵਜੂਦ, ਸ੍ਰੀ ਕਲੇਰ ਨਾਲ ਇਸ ਤਰ੍ਹਾਂ ਦੇ ਘਿਣਾਉਣੇ ਤਰੀਕੇ ਤੋਂ ਉਨ੍ਹਾਂ ਦੇ ਵਿਸ਼ਵਾਸ ਦੀ ਉਲੰਘਣਾ ਕੀਤੀ ਗਈ।
ਪਿਛਲੇ ਕੁੱਝ ਸਾਲਾਂ ਵਿੱਚ ਵਿਲੀਅਮ ਆਸਲਰ ਹੈਲਥ ਸਿਸਟਮ ਵਿੱਚ ਸਿੱਖ ਮਰੀਜ਼ਾਂ ਨਾਲ ਅਸੰਵੇਦਨਸ਼ੀਲ ਵਿਵਹਾਰ ਜਾਂ ਸਿੱਖ ਧਰਮ ਦੀ ਸਮਝ ਦੀ ਕਮੀ ਦੀਆਂ ਕਈ ਘਟਨਾਵਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਵੀ ਸਿਹਤ ਸੇਵਾਪ੍ਰਦਾਤਾਵਾਂ ਨੂੰ ਅਜਿਹੀ ਘਟਨਾਵਾਂ ਨੂੰ ਰੋਕਣ ਲਈ ਸੱਭਿਆਚਰਕ ਸੰਵੇਦਨਸ਼ੀਲਤਾ ਸਿਖਲਾਈ ਪ੍ਰਦਾਨ ਕਰਨ ਦੀ ਪੇਸ਼ਕਸ਼ ਕੀਤੀ ਸੀ। ਬਦਕਿਸਮਤੀ ਨਾਲ ਇਨ੍ਹਾਂ ਪ੍ਰਸਤਾਵਾਂ `ਤੇ ਧਿਆਨ ਨਹੀਂ ਦਿੱਤਾ ਗਿਆ।
ਸਿੱਖ ਭਾਈਚਾਰੇ ਨੇ ਹਮੇਸ਼ਾ ਵਿਲੀਅਮ ਆਸਲਰ ਹੈਲਥ ਸਿਸਟਮ ਦਾ ਸਮਰਥਨ ਕੀਤਾ ਹੈ, ਹਾਲਾਂਕਿ ਇਹ ਸਾਡੇ ਲਈ ਸਪੱਸ਼ਟ ਹੈ ਕਿ ਹਸਪਤਾਲ ਨੂੰ ਇਹ ਯਕੀਨੀ ਕਰਨ ਲਈ ਬਹੁਤ ਕੰਮ ਕਰਨਾ ਹੈ ਕਿ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਉਹ ਸਨਮਾਨ ਅਤੇ ਗਰਿਮਾ ਮਿਲੇ ਜਿਸਦੇ ਉਹ ਹੱਕਦਾਰ ਹਨ। ਸਾਨੂੰ ਇਹ ਯਕੀਨੀ ਕਰਨ ਲਈ ਠੋਸ ਕਾਰਵਾਈ ਦੀ ਲੋੜ ਹੈ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਹੋਣ। ਵਿਲੀਅਮ ਆਸਲਰ ਹੈਲਥ ਸਿਸਟਮ ਨੂੰ ਤੁਰੰਤ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ ਅਤੇ ਇਸ ਤਰ੍ਹਾਂ ਦੀ ਭਵਿੱਖ ਦੀ ਕਿਸੇ ਵੀ ਘਟਨਾ ਨੂੰ ਰੋਕਣ ਲਈ ਕਾਰਵਾਈ ਕਰਨੀ ਚਾਹੀਦੀ ਹੈ।
ਕੈਨੇਡਾ ਦੀ ਵਰਲਡ ਸਿੱਖ ਆਰਗੇਨਾਈਜੇਸ਼ਨ (WSO) ਇੱਕ ਗੈਰ-ਲਾਭਕਾਰੀ ਸੰਗਠਨ ਹੈ ਜਿਸਦਾ ਉਦੇਸ਼ ਕੈਨੇਡੀਅਨ ਸਿੱਖਾਂ ਦੇ ਹਿੱਤਾਂ ਨੂੰ ਬੜਾਵਾ ਦੇਣਾ ਅਤੇ ਉਨ੍ਹਾਂ ਦੀ ਰੱਖਿਆ ਕਰਨਾ ਹੈ।