ਟੋਰਾਂਟੋ, 8 ਮਈ (ਪੋਸਟ ਬਿਊਰੋ): ਟੋਰਾਂਟੋ ਡਿਸਟਰਿਕਟ ਸਕੂਲ ਬੋਰਡ ਨੇ ਬੁੱਧਵਾਰ ਨੂੰ ਕਿਹਾ ਕਿ ਚਾਰ ਮਹੀਨੇ ਪਹਿਲਾਂ ਸਾਈਬਰ ਹਮਲੇ ਦੌਰਾਨ ਚੋਰੀ ਕੀਤੀ ਗਈ ਵਿਦਿਆਰਥੀ ਅਤੇ ਕਰਮਚਾਰੀਆਂ ਦੀ ਵਿਅਕਤੀਗਤ ਜਾਣਕਾਰੀ ਫਿਰੌਤੀ ਦਿੱਤੇ ਜਾਣ ਦੇ ਬਾਵਜੂਦ ਨਸ਼ਟ ਨਹੀਂ ਕੀਤੀ ਗਈ ਹੈ। ਬੋਰਡ ਨੇ ਇਹ ਵੀ ਖੁਲਾਸਾ ਕੀਤਾ ਕਿ ਉਸਨੂੰ ਇਸ ਹਫ਼ਤੇ ਇਸ ਬਾਰੇ ਉਦੋਂ ਪਤਾ ਲੱਗਾ, ਜਦੋਂ ਇੱਕ ਧਮਕੀ ਦੇਣ ਵਾਲੇ ਵਿਅਕਤੀ ਨੇ ਚੋਰੀ ਕੀਤੇ ਡੇਟਾ ਦੇ ਬਦਲੇ ਅਲੱਗ ਤੋਂ ਫਿਰੌਤੀ ਦੀ ਮੰਗ ਕੀਤੀ। ਟੀਡੀਐੱਸਬੀ ਨੇ ਬੁੱਧਵਾਰ ਨੂੰ ਮਾਪਿਆਂ ਅਤੇ ਸਕੂਲ ਮੁਲਾਜ਼ਮਾਂ ਨੂੰ ਲਿਖੇ ਪੱਤਰਾਂ ਵਿੱਚ ਪਾਵਰਸਕੂਲ ਡੇਟਾ ਬਰੀਚ ਉੱਤੇ ਅਪਡੇਟ ਦਿੱਤੀ, ਜੋ 22 ਤੋਂ 28 ਦਸੰਬਰ, 2024 ਨੂੰ ਹੋਈ ਸੀ।
ਪਾਵਰਸਕੂਲ ਇੱਕ ਕਲਾਉਡ-ਆਧਾਰਿਤ ਪ੍ਰੋਗਰਾਮ ਹੈ ਜਿਸਦੀ ਵਰਤੋਂ ਟੀਡੀਐੱਸਬੀ ਅਤੇ ਹੋਰ ਉੱਤਰੀ ਅਮਰੀਕੀ ਸਕੂਲਾਂ ਵੱਲੋਂ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਦੀ ਜਾਣਕਾਰੀ ਇਕੱਠੀ ਰੱਖਣ ਲਈ ਕੀਤਾ ਜਾਂਦਾ ਹੈ। ਟੀਡੀਐੱਸਬੀ ਨੇ ਕਿਹਾ ਕਿ ਪਾਵਰਸਕੂਲ ਨੇ ਘਟਨਾ ਦੇ ਤੁਰੰਤ ਬਾਅਦ ਸਾਰੇ ਪ੍ਰਭਾਵਿਤ ਸਕੂਲ ਬੋਰਡਾਂ ਨੂੰ ਸੂਚਿਤ ਕੀਤਾ ਕਿ ਗ਼ੈਰਕਾਨੂੰਨੀ ਰੂਪ ਨਾਲ ਐਕਸੈੱਸ ਕੀਤੇ ਡੇਟਾ ਨੂੰ ਹਟਾ ਦਿੱਤਾ ਗਿਆ ਹੈ ਅਤੇ ਕੋਈ ਵੀ ਕਾਪੀ ਆਨਲਾਈਨ ਪੋਸਟ ਨਹੀਂ ਕੀਤੀ ਗਈ ਹੈ।
ਪਾਵਰਸਕੂਲ ਨੇ ਹੁਣ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਪ੍ਰਭਾਵਿਤ ਡੇਟਾ ਨੂੰ ਹਟਾਉਣ ਦੀ ਕੋਸ਼ਿਸ਼ ਵਿੱਚ ਫਿਰੌਤੀ ਦਾ ਭੁਗਤਾਨ ਕੀਤਾ ਹੈ। ਕਿਸੇ ਵੀ ਅਜਿਹੀ ਘਟਨਾ ਦੀ ਤਰ੍ਹਾਂ, ਇਸ ਗੱਲ ਦਾ ਜੋਖਮ ਸੀ ਕਿ ਪਾਵਰਸਕੂਲ ਨੂੰ ਦਿੱਤੇ ਭਰੋਸੇ ਦੇ ਬਾਵਜੂਦ ਧਮਕੀ ਦੇਣ ਵਾਲੇ ਚੋਰੀ ਕੀਤੇ ਗਏ ਡੇਟਾ ਨੂੰ ਹਟਾਣ ਦੀ ਆਪਣੀ ਵਚਨਬੱਧਤਾ ਨਹੀਂ ਰੱਖਣਗੇ। ਸੰਵੇਦਨਸ਼ੀਲ ਜਾਣਕਾਰੀ ਅਸਲੀਅਤ ਵਿੱਚ ਮਿਟਾਈ ਨਹੀਂ ਗਈ ਸੀ, ਕਿਉਂਕਿ ਇਸ ਦੀ ਵਰਤੋਂ ਇਸ ਹਫ਼ਤੇ ਟੀਡੀਐੱਸਬੀ ਸਮੇਤ ਸਕੂਲਾਂ ਵਲੋਂ ਜਬਰਨ ਵਸੂਲੀ ਕਰਣ ਲਈ ਕੀਤਾ ਗਿਆ ਸੀ ।
ਸਾਫਟਵੇਅਰ ਕੰਪਨੀ ਨੇ ਕਿਹਾ ਕਿ ਸਾਨੂੰ ਇਨ੍ਹਾਂ ਘਟਨਾਵਾਂ ‘ਤੇ ਬਹੁਤ ਦੁੱਖ ਹੈ। ਪਾਵਰਸਕੂਲ ਨੇ ਇਸ ਜੋਖਮ ਨੂੰ ਸਵੀਕਾਰ ਕੀਤਾ ਕਿ ਜ਼ਿੰਮੇਦਾਰ ਲੋਕ ਡੇਟਾ ਨੂੰ ਨਸ਼ਟ ਨਹੀਂ ਕਰਨਗੇ ਪਰ ਕਿਹਾ ਕਿ ਸਾਨੂੰ ਲੱਗਾ ਕਿ ਇਹ ਕਾਰਵਾਈ ਕਰਨਾ ਸਾਡਾ ਕਰਤੱਵ ਸੀ। ਉਨ੍ਹਾਂ ਇਹ ਨਹੀਂ ਦੱਸਿਆ ਕਿ ਉਨ੍ਹਾਂ ਕਿੰਨਾ ਭੁਗਤਾਨ ਕੀਤਾ।