ਓਂਟਾਰੀਓ, 7 ਮਈ (ਪੋਸਟ ਬਿਊਰੋ): ਓਂਟਾਰੀਓ ਦੇ ਇੱਕ ਕਾਰੋਬਾਰੀ ਨਾਲ ਜਾਅਲੀ ਬੈਂਕ ਡਰਾਫਟ ਨਾਲ ਧੋਖਾਧੜੀ ਦੀ ਕੋਸਿ਼ਸ਼ ਦੀ ਘਟਨਾ ਸਾਹਮਣੇ ਆਈ ਹੈ।ਓਂਟਾਰੀਓ ਵਿੱਚ ਇੱਕ ਖੁਦਾਈ ਕੰਪਨੀ ਦੇ ਮਾਲਕ ਪੈਟ੍ਰਿਕ ਬਿਨੇਟ ਨੇ ਦੱਸਿਆ ਕਿ ਇਹ ਅਸਲੀ ਬੈਂਕ ਡਰਾਫਟ ਵਾਂਗ ਲੱਗ ਰਿਹਾ ਸੀ। ਬਿਨੇਟ ਨੇ ਇੱਕ ਸਕਿਡ ਸਟੀਅਰ ਵੇਚਣੀ ਸੀ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮ ਨੇ ਉਨ੍ਹਾਂ ਨੂੰ ਸਕਿਡ ਸਬੰਧੀ ਕੁਝ ਸਵਾਲ ਪੁੱਛੇ, ਜਾਂਚ ਕੀਤੀ ਤੇ ਇੱਕ ਟ੍ਰਾਂਸਪੋਰਟ ਟਰੱਕ 'ਤੇ ਲੋਡ ਕੀਤਾ ਅਤੇ ਉੱਥੋਂ ਚਲੇ ਗਏ।
ਬਿਨੇਟ ਅਤੇ ਖ਼ਰੀਦਦਾਰ 1 ਲੱਖ 8 ਹਜ਼ਾਰ 367 ਡਾਲਰ ਦੀ ਵਿਕਰੀ ਕੀਮਤ 'ਤੇ ਸਹਿਮਤ ਹੋਏ ਅਤੇ ਭੁਗਤਾਨ ਲਈ ਬੈਂਕ ਡਰਾਫਟ ਦਿੱਤਾ ਗਿਆ। ਬੈਂਕ ਡਰਾਫਟ ਦੇ ਨਾਲ ਇੱਕ ਰਸੀਦ ਸੀ। ਬਿਨੇਟ ਨੇ ਬੈਂਕ ਡਰਾਫਟ ਬਾਰੇ ਸਕੋਸ਼ੀਆ ਬੈਂਕ ਦੀ ਇੱਕ ਸ਼ਾਖਾ ਵਿੱਚ ਜਾ ਕੇ ਟੈਲਰ ਤੋਂ ਪੁੱਛਿਆ। ਉਸ ਨੇ ਵੀ ਡਰਾਫਟ ਨੂੰ ਜਾਇਜ਼ ਠਹਿਰਾਇਆ। ਬੈਂਕ ਕਲੀਅਰ ਹੋ ਗਿਆ, ਪਰ ਦੋ ਦਿਨਾਂ ਬਾਅਦ ਇਸਨੂੰ ਧੋਖਾਧੜੀ ਐਲਾਨ ਕਰ ਦਿੱਤਾ ਗਿਆ ਅਤੇ ਬਿਨੇਟ ਦੇ ਖਾਤੇ ਵਿੱਚੋਂ 1 ਲੱਖ 8 ਹਜ਼ਾਰ 367 ਡਾਲਰ ਕੱਟ ਲਏ ਗਏ। ਬੈਂਕ ਤੋਂ ਇਸ ਬਾਰੇ ਪੁੱਛਣ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਬਿਨੇਟ ਦੀ ਬੀਮਾ ਕੰਪਨੀ ਨੇ ਉਸਦੇ ਕੇਸ ਦੀ ਸਮੀਖਿਆ ਕੀਤੀ ਅਤੇ ਪਾਇਆ ਕਿ ਇਹ ਚੋਰੀ ਦੇ ਮਾਪਦੰਡਾਂ ਦੇ ਅੰਦਰ ਫਿੱਟ ਬੈਠਦਾ ਹੈ। ਉਹ ਦਾਅਵਾ ਕਰਨ ਦੇ ਯੋਗ ਸੀ ਅਤੇ ਉਸਨੂੰ 1 ਲੱਖ 8 ਹਜ਼ਾਰ 367 ਡਾਲਰ ਵਾਪਸ ਦਿੱਤੇ ਗਏ।