-ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ‘ਟਰਿਨਟੀ ਮਾਲ’ ਤੋਂ ਕੀਤਾ ਕਲੱਬ ਦੇ ਮੈਂਬਰਾਂ ਨੂੰ ਰਵਾਨਾ
ਬਰੈਂਪਟਨ, (ਡਾ. ਝੰਡ) – ਲੰਘੇ ਸ਼ਨੀਵਾਰ 15 ਜੂਨ ਨੂੰ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਦੇ ਲੱਗਭੱਗ 100 ਮੈਂਬਰ ‘ਫ਼ਾਦਰਜ਼ ਡੇਅ’ ਟੋਰਾਂਟੋ ਦੇ ਸੈਂਟਰ ਆਈਲੈਂਡ ਵਿਖੇ ਜਾ ਕੇ ਮਨਾਉਣ ਲਈ ਟਰਿਨਟੀ ਮਾਲ ਦੀ ਪਾਰਕਿੰਗ ਵਿੱਚ ਸਵੇਰੇ 9.00 ਵਜੇ ਪਹੁੰਚ ਗਏ ਅਤੇ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਦੇ ਸ਼ਾਨਦਾਰ ਸੰਬੋਧਨ ਤੋਂ ਬਾਅਦ ਉਨ੍ਹਾਂ ਵੱਲੋਂ ਮਿਲੀਆਂ ਸ਼ੁਭ-ਇੱਛਾਵਾਂ ਨਾਲ ਉਹ ਬੱਸਾਂ ਤੇ ਕਾਰਾਂ ਵਿੱਚਸਵਾਰ ਹੋ ਕੇ ਟੋਰਾਂਟੋ ਡਾਊਨ ਟਾਊਨ ਵੱਲ ਰਵਾਨਾ ਹੋਏ। ਇਸ ਮੌਕੇ ਆਪਣੇ ਸੰਬੋਧਨ ਵਿੱਚ ਸੋਨੀਆ ਸਿੱਧੂ ਨੇ ਕਿਹਾ,“ਮੈਨੂੰ ਇਹ ਵੇਖ ਕੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੀ ਕਮਿਊਨਿਟੀ ਇਹ ਦਿਨ ਮਿਲ ਕੇ ਕਿੰਨੇ ਜੋਸ਼ ‘ਤੇ ਉਤਸ਼ਾਹ ਨਾਲ ਮਨਾ ਰਹੀ ਹੈ। ਇਹ ਸਾਡੀ ਏਕਤਾ, ਇਤਫ਼ਾਕ ਅਤੇ ਖੁਸ਼ੀ ਦਾ ਪ੍ਰਤੀਕ ਹੈ। ਇਸ ਸ਼ੁਭ ਮੌਕੇ ਮੈਂ ਸਾਰਿਆਂ ਨੂੰ ਹਾਰਦਿਕ ਮੁਬਾਰਕਬਾਦ ਦਿੰਦੀ ਹਾਂ।“
ਸੈਂਟਰ ਆਈਲੈਂਡ ਪਹੁੰਚਣ ‘ਤੇ ਇਸ ਦਿਨ ਦੇ ਖੁਸ਼ਗੁਆਰ ਮੌਸਮ ਨੇ ਸਾਰਿਆਂ ਦਾ ਸੁਆਗ਼ਤ ਕੀਤਾ। ਉਲੀਕੇ ਗਏ ਅਗਲੇ ‘ਪ੍ਰੋਗਰਾਮ’ ਤੋਂ ਪਹਿਲਾਂ ਸਾਰਿਆਂ ਨੇ ਹਲਕਾ ਜਿਹਾ ਬਰੇਕ-ਫਾਸਟ ਕੀਤਾ। ਇਹ ਪ੍ਰੋਗਰਾਮ ਯੋਗਾ ਮਾਹਿਰ ਅਨੁਜਾ ਕਾਬੁਲੀ ਵੱਲੋਂ ਕਰਵਾਇਆ ਜਾਣ ਵਾਲਾ ਯੋਗ ਅਭਿਆਸ ਸੀ ਜਿਸ ਵਿਚ ਉਸਨੇ ਮੈਂਬਰਾਂ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਕਈ ਉਪਯੋਗੀ ਵਰਜਿਸ਼ਾਂ ਦੀ ਅਗਾਊਂ ਚੋਣ ਕੀਤੀ ਹੋਈ ਸੀ ਅਤੇਸੈਂਟਰ ਆਈਲੈਂਡ ਦਾ ਹਰਿਆ ਭਰਿਆ ਖੁੱਲ੍ਹਾ-ਡੁੱਲ੍ਹਾ ਮੈਦਾਨ ਇਸ ਮੰਤਵ ਲਈ ਹੋਰ ਵੀ ਸਾਰਥਿਕ ਸਾਬਤ ਹੋ ਰਿਹਾ ਸੀ। ਕਲੱਬ ਦੇ ਚੇਅਰਪਰਸਨ ਗਿਆਨ ਪਾਲ ਨੇ ਇਸ ਮੌਕੇ ਮੈਂਬਰਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ, “ਅੱਜ ਦਾ ਇਹ ਈਵੈਂਟ ਸਾਡੇ ਸਾਰਿਆਂ ਲਈ ਬੜਾ ਮਹੱਤਵਪੂਰਵਕ ਹੈ। ਆਪਣੀ ਸਰੀਰਕ ਤੇ ਮਾਨਸਿਕ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਅਸੀਂ ਯੋਗਾ ਦੀ ਮਹੱਤਤਾ ਨੂੰ ਖ਼ੂਬ ਸਮਝਦੇ ਅਤੇ ਪਛਾਣਦੇ ਹਾਂ। ਇਕੱਠੇ ਹੋ ਕੇ ਅਸੀਂ ਆਪਣੇ ਸੱਭਿਆਚਾਰ ਨੂੰ ਮਾਣਦੇ ਹਾਂ ਅਤੇ ਨਾਲ ਹੀ ਸਮਾਜ ਵਿੱਚ ਪਿਤਾ ਦੇ ਸਥਾਨ ਦੀ ਅਹਿਮੀਅਤ ਨੂੰ ਵੀ ਯਾਦ ਕਰਦੇ ਹਾਂ। ਅਜਿਹੇ ਈਵੈਂਟਸ ਨੂੰ ਮਿਲ ਕੇ ਮਨਾਉਣ ਨਾਲ ਅਸੀਂ ਕਮਿਊਨਿਟੀ ਵਿੱਚ ਏਕਤਾ ਅਤੇ ਇਸ ਦੇ ਲਈ ਹੋਰ ਵੀ ਨਿੱਠ ਕੇ ਕੰਮ ਕਰਨ ਲਈ ਤਿਆਰ ਹੁੰਦੇ ਹਾਂ।“
ਯੋਗਾ ਕਰਨ ਤੋਂ ਬਾਅਦ ਮੈਂਬਰਾਂ ਨੇ ਮਿਲ ਕੇ ਬੀਚ ‘ਤੇ ਵਾਲੀਬਾਲ ਖੇਡਿਆ ਅਤੇ ਫਿਰ ਛੋਟੀਆਂ-ਛੋਟੀਆਂ ਟੋਲੀਆਂ ਵਿੱਚ ਫਿਰ ਏਧਰ ਓਧਰ ਘੁੰਮ ਕੇ ਕੁਦਰਤ ਦੀ ਖ਼ੂਬਸੂਰਤੀ ਦਾ ਅਨੰਦ ਮਾਣਦਿਆਂ ਫ਼ੋਟੋਗ੍ਰਾਫ਼ੀ ਕੀਤੀ। ਉਪਰੰਤ, ਸਿਹਤ ਲਈ ਚੰਗੀ ਤੇ ਪੌਸ਼ਟਿਕ ਖ਼ੁਰਾਕ ਬਾਰੇ ਵਿਚਾਰ-ਵਟਾਂਦਰਾ ਹੋਇਆ ਅਤੇ ਇਸ ਦੇ ਨਾਲ ਹੀ ਲੰਚ ਦਾ ਦੌਰ ਆਰੰਭ ਹੋ ਗਿਆ। ਖਾਣਾ ਖਾ ਕੇ ਸਾਰੇ ਥੋੜ੍ਹਾ ਜਿਹਾ ਹੋਰ ਘੁੰਮਣ ਅਤੇ ਕੁਦਰਤੀ ਨਜ਼ਾਰਿਆਂ ਨੂੰ ਮਾਣਨ ਲਈ ਚਲੇ ਗਏ ਅਤੇ ਫਿਰ ਸ਼ੁਰੂ ਹੋਇਆ ਗਿੱਧੇ, ਭੰਗੜੇ ਤੇ ਗਾਉਣ ਵਜਾਉਣ ਦਾ ਸਿਲਸਿਲਾ। ਸਾਜ਼ਾਂ ਤੇ ਸੁਰੀਲੀਆਂ ਆਵਾਜ਼ਾਂ ਵਿੱਚ ਕਈ ਮੈਂਬਰਾਂ ਵੱਲੋਂ ਲੋਕ-ਗੀਤਾਂ ਤੇ ਫ਼ਿਲਮੀ ਗੀਤਾਂ ਨਾਲ ਸਾਰਿਆਂ ਦਾ ਖ਼ੂਬ ਮਨੋਰੰਜਨ ਕੀਤਾ ਗਿਆ। ਗੀਤ-ਸੰਗੀਤ ਦੇ ਇਸ ਅਨੰਦਮਈ ਮਾਹੌਲ ਵਿਚ ‘ਪਿਤਾ-ਦਿਵਸ’ ਦਾ ਇਹ ਵੱਖਰਾ ਹੀ ਰੰਗ ਸੀ ਜਿਸ ਨੂੰ ਹਰੇਕ ਨੇ ਖ਼ੂਬ ਮਾਣਿਆਂ। ਕਈਆਂ ਨੇ ਆਪਣੇ ਜੀਵਨ ਦੀਆਂ ਭੁੱਲੀਆਂ-ਵਿੱਸਰੀਆਂ ਯਾਦਾਂ ਸਾਂਝੀਆਂ ਕੀਤੀਆਂ। ਇਹ ਪਰਿਵਾਰਕ ਅਤੇ ਕਮਿਊਨਿਟੀ ਪੱਧਰ ‘ਤੇ ਖੁਸ਼ੀ ਦਾ ਖ਼ੂਬਸੂਰਤ ਪ੍ਰਗਟਾਵਾ ਸੀ।
ਅਖ਼ੀਰ ਵਿਚ ਕਲੱਬ ਦੇ ਅਹੁਦੇਦਾਰਾਂ ਵੱਲੋਂ ਕਲੱਬ ਦੇ ਸਮੂਹ ਮੈਂਬਰਾਂ ਅਤੇ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਦਾ ਧੰਨਵਾਦ ਕੀਤਾ ਗਿਆ। ਇਸ ਈਵੈਂਟ ਦੀ ਸਫ਼ਲਤਾ ਕਲੱਬ ਦੇ ਅਗਲੇ ਆਉਣਵਾਲੇ ਈਵੈਂਟਾਂ ਲਈ ਪ੍ਰੇਰਨਾ ਦਾ ਸਰੋਤ ਬਣੀ। ਪ੍ਰਬੰਧਕਾਂ ਵੱਲੋਂ ਮੈਂਬਰਾਂ ਨੂੰ ਅਜਿਹੇ ਹੋਰ ਈਵੈਂਟ ਵਿਉਂਤਣ ਬਾਰੇ ਭਰੋਸਾ ਦਿਵਾਇਆ ਗਿਆ ਅਤੇ ਫਿਰ ਸਾਰੇ ਖ਼ੁਸ਼ੀ ਖ਼ੁਸੀ ਘਰਾਂ ਨੂੰ ਪਰਤੇ।