ਬਰੈਂਪਟਨ, (ਡਾ. ਝੰਡ) – ਲੰਘੇ ਸ਼ਨੀਵਾਰ 25 ਮਈ ਨੂੰ ਬਰੈਂਪਟਨ ਵਿੱਚ ਸਰਗ਼ਰਮ ਸੰਸਥਾ ‘ਪੀਪਲ ਅਗੇਨਸਟ ਲਿਟਰਿੰਗ ਨੇ ਲੇਕਹੈੱਡ ਵਿਲੇਜ ਪਾਰਕ, ਹਾਰਟ ਲੇਕ ਤੇ ਇਸ ਦੇ ਆਲੇ-ਦੁਆਲੇ ਦੇ ਏਰੀਏ ਵਿੱਚ ਸਫ਼ਾਈ ਦੀ ਮੁਹਿੰਮ ਚਲਾਈ ਜਿਸ ਨੂੰ ਇਸ ਸੰਸਥਾ ਦੇ ਮੈਂਬਰਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਸੰਸਥਾ ਦੇ 70 ਮੈਂਬਰ ਜਿਨ੍ਹਾਂ ਵਿੱਚ ਬਜ਼ੁਰਗਾਂ ਤੇ ਔਰਤਾਂ ਸਮੇਤ ਬੱਚੇ ਵੀ ਸ਼ਾਮਲ ਸਨ, ਨੇ ਇਸ ਵਿੱਚ ਬੜੇ ਸ਼ੌਕ ਤੇ ਉਤਸ਼ਾਹ ਨਾਲ ਭਾਗ ਲਿਆ। ਇਸ ਦਿਨ ਹੋ ਰਹੀ ਹਲਕੀ ਤੋਂ ਦਰਮਿਆਨੀ ਬਾਰਸ਼ਦੇ ਬਾਵਜੂਦ ਇਹ ਮੈਂਬਰ ਲੇਕਹੈੱਡ ਵਿਲੇਜ ਪਾਰਕ ਵਿੱਚ ਇਕੱਠੇ ਹੋਏ ਅਤੇ ਉੱਥੋਂ ਉਨ੍ਹਾਂ ਨੇ ਇਹ ਮੁਹਿੰਮ ਇਸ ਬਾਰਸ਼ ਵਿੱਚ ਹੀ ਵਿੱਢ ਦਿੱਤੀ। ਪਾਰਕ ਦੀ ਸਫ਼ਾਈ ਤੋਂ ਬਾਅਦ ਉਹ ਹਾਰਟ ਲੇਕ ਦੇ ਦੋਵੇਂ ਪਾਸੇ ਸਾਈਡ-ਵਾਕ, ਰੁੱਖਾਂ ਦੇ ਆਲੇ-ਦਵਾਲਿਆਂ ਤੇ ਫੁੱਲਾਂ ਨਾਲ ਭਰਪੂਰ ਝਾੜੀਆਂ ਦੇ ਆਸ-ਪਾਸ ਦੀ ਸਫ਼ਾਈ ਕਰਦੇ ਹੋਏ ਅੱਗੇ ਵੱਧਦੇ ਗਏ।
ਮੈਂਬਰ ਦੇ ਇਸ ਜਜ਼ਬੇ ਦੀ ਸ਼ਲਾਘਾ ਕਰਦਿਆਂ ਸੰਸਥਾ ਦੇ ਪ੍ਰਧਾਨ ਬਿਲ ਗੌਡਫਰੇ ਨੇ ਕਿਹਾ, “ਸਾਨੂੰ ਸਾਰਿਆਂ ਨੂੰ ਆਪਣੀ ਕਮਿਊਨਿਟੀ ‘ਤੇ ਢੇਰ ਸਾਰਾ ਮਾਣ ਹੈ। ਉਹ ਸਾਰੇ ਮਿਲ ਕੇ ਸਮਾਜ-ਸੇਵੀ ਕੰਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ ਅਤੇ ਇਸ ਪਾਰਕ ਤੇ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣਾ ਆਪਣਾ ਧਰਮ ਸਮਝਦੇ ਹਨ। ਮੈਨੂੰ ਇਹ ਵੇਖ ਕੇ ਬੜੀ ਖ਼ੁਸ਼ੀ ਹੋਈ ਹੈ ਕਿ ਹਰੇਕ ਉਮਰ-ਵਰਗ ਦੇ ਲੋਕ ਇਸ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਦੀ ਇਸ ਲਗਨ ਤੇ ਨੇਕ ਇਰਾਦਿਆਂ ‘ਤੇ ਸਾਨੂੰ ਸਾਰਿਆਂ ਨੂੰ ਬੇਹੱਦ ਮਾਣ ਮਹਿਸੂਸ ਹੁੰਦਾ ਹੈ।“
ਰੀਜਨਲ ਕੌਂਸਲਰ ਰਵੇਨਾ ਸੈਂਟੋਸ ਨੇ ਵੀ ਇਸ ਮੌਕੇ ਮੈਂਬਰਾਂ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ, “ਚੱਲਦੀ ਬਾਰਸ਼ ਵਿੱਚ ਵੀ ਲੋਕਾਂ ਦਾ ਸਫ਼ਾਈ ਦੀ ਇਸ ਮੁਹਿੰਮ ਲਈ ਇਕੱਠਾ ਹੋਣਾ ਵਾਕਿਆ ਈ ਬੜਾ ਹੌਸਲੇ ਵਾਲਾ ਤੇ ਉਤਸ਼ਾਹੀ ਕਦਮ ਹੈ। ਇਹ ਭਲੀ-ਭਾਂਤ ਦਰਸਾਉਂਦਾ ਹੈ ਕਿ ਅਸੀਂ ਆਪਣੀ ਕਮਿਊਨਿਟੀ ਲਈ ਕਿੰਨੇ ਫ਼ਿਕਰਮੰਦ ਹਾਂ। ਬੱਚਿਆਂ ਦੀ ਇਸ ਵਿਚ ਸ਼ਮੂਲੀਅਤ ਤਾਂ ਹੋਰ ਵੀ ਵਧੇਰੇ ਅਹਿਮੀਅਤ ਰੱਖਦੀ ਹੈ।“
ਰੀਜਨਲ ਕੌਂਸਲਰ ਪਾਲ ਵਿਸੰਤੇ ਨੇ ਮੈਂਬਰਾਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਆਖਿਆ, “ਮੈਨੂੰ ਲੋਕਾਂ ਦੇ ਇਕੱਠ ਅਤੇ ਉਨ੍ਹਾਂ ਦੇ ਇਸ ਕੰਮ ਲਈ ਜਜ਼ਬੇ ਨੂੰ ਵੇਖ ਕੇ ਬਹੁਤ ਹੀ ਚੰਗਾ ਲੱਗ ਰਿਹਾ ਹੈ। ਲੋਕਾਂ ਵੱਲੋਂ ਕੀਤੇ ਗਏ ਇਸ ਕਿਸਮ ਦੇ ਯਤਨਾਂ ਨਾਲ ਹੀ ਆਲੇ-ਦੁਆਲੇ ਦੀ ਸਫ਼ਾਈ ਰਹਿ ਸਕਦੀ ਹੈ ਅਤੇ ਸਮੂਹ ਮੈਂਬਰ ਇਸ ਦੇ ਲਈ ਵਧਾਈ ਦੇ ਹੱਕਦਾਰ ਹਨ।“
ਇਸ ਸਫ਼ਾਈ ਮੁਹਿੰਮ ਦੇ ਪਿੱਛੇ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਦਾ ਵੀ ਵੱਡਾ ਯੋਗਦਾਨ ਸੀ। ਕਲੱਬ ਦੇ ਪ੍ਰਧਾਨ ਗਿਆਨ ਪਾਲ ਜੋ ਲੇਕਹੈੱਡ ਵਿਲੇਜ ਪਾਰਕ ਦੀ ਸਫ਼ਾਈ ਮੁਹਿੰਮ ਦੇ ‘ਕੋ-ਚੇਅਰ’ ਵੀ ਹਨ,ਨੇ ਇਸ ਸਮੁੱਚੀ ਮੁਹਿੰਮ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਕਿਹਾ, “ਸਾਡੇ ਮੈਂਬਰ ਹਮੇਸਾ ਅਜਿਹੇ ਸਮਾਜ-ਸੇਵੀ ਕੰਮਾਂ ਲਈ ਮੋਹਰੀ ਹੁੰਦੇ ਹਨ ਅਤੇ ਉਨ੍ਹਾਂ ਦੇ ਇਸ ਜਜ਼ਬੇ ਨੂੰ ਸਲਾਮ ਹੈ। ਸਮੇਂ-ਸਮੇਂ ਇਸ ਤਰ੍ਹਾਂ ਦੇ ਈਵੈਂਟ ਆਯੋਜਿਤ ਕਰਨੇ ਕਮਿਊਨਿਟੀ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਜ਼ਰੂਰੀ ਵੀ ਹਨ, ਕਿਉਂਕਿ ਇਸ ਤਰ੍ਹਾਂ ਸ਼ਹਿਰ-ਵਾਸੀਆਂ ਵਿੱਚ ਸਾਝੀਆਂ ਥਾਵਾਂ ਵਿੱਚ ਆਪਣੇ-ਪਨ ਦਾਅਹਿਸਾਸ ਪੈਦਾ ਹੁੰਦਾ ਹੈ।“