ਓਨਟਾਰੀਓ, 5 ਦਸੰਬਰ (ਪੋਸਟ ਬਿਊਰੋ) : ਓਨਟਾਰੀਓ ਪਲੇਸ ਦੀ ਮੁੜ ਉਸਾਰੀ ਸਬੰਧੀ ਬਿੱਲ ਉੰਤੇ ਬਹਿਸ ਅਤੇ ਜਨਤਕ ਸੁਣਵਾਈ ਨੂੰ ਬਾਈਪਾਸ ਕਰਨ ਲਈ ਫੋਰਡ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਹੈ।
ਇਸ ਬਿੱਲ ਦੇ ਪਾਸ ਹੋ ਜਾਣ ਨਾਲ ਪ੍ਰੋਵਿੰਸ ਟੋਰਾਂਟੋ ਦੇ ਦੋ ਹਾਈਵੇਜ਼ ਨੂੰ ਨਿਯੰਤਰਿਤ ਕਰ ਸਕੇਗੀ, ਓਨਟਾਰੀਓ ਪਲੇਸ ਵਾਲੀ ਜ਼ਮੀਨ ਦੇ ਮੁਕੰਮਲ ਐਨਵਾਇਰਮੈਂਟਲ ਮੁਲਾਂਕਣ ਤੋਂ ਬਚ ਸਕੇਗੀ ਤੇ ਇਨਫਰਾਸਟ੍ਰਕਚਰ ਮੰਤਰੀ ਨੂੰ ਇਹ ਸ਼ਕਤੀਆਂ ਦੇ ਸਕੇਗੀ ਕਿ ਉਹ ਮਨਿਸਟਰ ਜ਼ੋਨਿੰਗ ਆਰਡਰ ਜਾਰੀ ਕਰ ਸਕੇ ਤਾਂ ਕਿ ਲੋਕਲ ਲਾਅਜ਼ ਨੂੰ ਰੱਦ ਕਰ ਸਕੇ।ਇਹ ਜਿਹੜਾ ਮਤਾ ਪਾਸ ਕੀਤਾ ਗਿਆ ਹੈ ਇਸ ਨਾਲ ਸਰਕਾਰ ਨੂੰ ਕਮੇਟੀ ਦੀ ਸੁਣਵਾਈ ਤੋਂ ਬਚਣ ਦੀ ਖੁੱਲ੍ਹ ਮਿਲੇਗੀ। ਇਸ ਸੁਣਵਾਈ ਵਿੱਚ ਜਨਤਾ ਆਪਣੀ ਰਾਇ ਰੱਖ ਸਕਦੀ ਹੈ। ਇਸ ਤੋਂ ਇਲਾਵਾ ਸਰਕਾਰ ਬਿੱਲ ਦੀ ਤੀਜੀ ਤੇ ਫਾਈਨਲ ਰੀਡਿੰਗ ਤੋਂ ਵੀ ਬਚ ਸਕੇਗੀ।
ਪ੍ਰੋਵਿੰਸ ਨੇ ਆਖਿਆ ਕਿ ਉਨ੍ਹਾਂ ਨੂੰ ਓਨਟਾਰੀਓ ਪਲੇਸ ਦੀ ਮੁੜ ਉਸਾਰੀ ਲਈ ਕੁੱਝ ਮੀਲਪੱਥਰ ਪੂਰੇ ਕਰਨੇ ਹਨ ਜੋ ਕਿ ਉਨ੍ਹਾਂ ਦੇ ਪ੍ਰਾਈਵੇਟ ਕੰਪਨੀਆਂ ਨਾਲ ਹੋਏ ਕਾਂਟਰੈਕਟ ਵਿੱਚ ਸ਼ਾਮਲ ਹਨ ਤੇ ਇਨ੍ਹਾਂ ਵਿੱਚੋਂ ਇੱਕ ਦੀ ਡੈੱਡਲਾਈਨ ਇਸ ਸਾਲ ਦੇ ਅੰਤ ਵਿੱਚ ਆਉਣ ਵਾਲੀ ਹੈ। ਪਰ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਸਰਕਾਰ ਇਸ ਲਈ ਸੁਣਵਾਈ ਤੇ ਬਹਿਸ ਤੋਂ ਬਚਣਾ ਚਾਹੁੰਦੀ ਹੈ ਕਿਉਂਕਿ ਇਹ ਕੁੱਝ ਲੁਕੋ ਰਹੀ ਹੈ।ਵਿਰੋਧੀ ਧਿਰ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਦਾ ਇਹ ਫੈਸਲਾ ਬੜਾ ਗੈਰਜਮਹੂਰੀ ਹੈ।