ਬਰਲਿੰਗਟਨ, 5 ਦਸੰਬਰ (ਪੋਸਟ ਬਿਊਰੋ) : ਸੋਮਵਾਰ ਨੂੰ ਜਾਰੀ ਕੀਤੀ ਗਈ ਰਲੀਜ਼ ਵਿੱਚ ਹਾਲਟਨ ਰੀਜਨਲ ਪੁਲਿਸ ਨੇ ਆਖਿਆ ਕਿ ਕੁੱਝ ਦਿਨਾਂ ਦੇ ਫਰਕ ਨਾਲ ਬਰਲਿੰਗਟਨ ਏਰੀਆ ਵਿੱਚ ਦੋ ਘਰਾਂ ਨੂੰ ਅੱਗ ਲੱਗਣ ਦੇ ਮਾਮਲੇ ਨੂੰ ਉਹ ਸ਼ੱਕੀ ਮੰਨ ਕੇ ਜਾਂਚ ਕਰ ਰਹੀ ਹੈ।
2 ਦਸੰਬਰ, 2023 ਨੂੰ ਫਾਇਰਫਾਈਟਰਜ਼ ਨੂੰ ਡੰਡਾਸ ਸਟਰੀਟ ਤੇ ਵਾਕਰਜ਼ ਲਾਈਨ ਏਰੀਆ ਨੇੜੇ ਲੋਦੀ ਰੋਡ ਉੱਤੇ ਸੱਦਿਆ ਗਿਆ, ਇੱਥੇ ਅੱਗ ਲੱਗਣ ਕਾਰਨ ਇੱਕ ਘਰ ਨੂੰ ਮਾਮੂਲੀ ਨੁਕਸਾਨ ਪਹੁੰਚਿਆ। ਦੋ ਦਿਨ ਬਾਅਦ ਹੀ ਸੋਮਵਾਰ ਨੂੰ ਸਵੇਰੇ 4:15 ਦੇ ਨੇੜੇ ਤੇੜੇ ਫਾਇਰਫਾਈਟਰਜ਼ ਨੂੰ ਮੁੜ ਇਸੇ ਪਤੇ ਉੱਤੇ ਸੱਦਿਆ ਗਿਆ ਪਰ ਇਸ ਵਾਰੀ ਅੱਗ ਬਹੁਤ ਜਿ਼ਆਦਾ ਨੁਕਸਾਨਦੇਹ ਸਾਬਿਤ ਹੋਈ।
ਪੁਲਿਸ ਵੱਲੋਂ ਜਾਰੀ ਕੀਤੀ ਗਈ ਰਲੀਜ਼ ਵਿੱਚ ਆਖਿਆ ਗਿਆ ਕਿ ਇਨ੍ਹਾਂ ਘਟਨਾਵਾਂ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ ਪਰ ਅੱਗ ਕਾਰਨ ਲੋਦੀ ਰੋਡ ਉੱਤੇ ਸਥਿਤ ਤਿੰਨ ਘਰ ਸੜ ਕੇ ਸੁਆਹ ਹੋ ਗਏ। ਇਸ ਮਾਮਲੇ ਨੂੰ ਪੁਲਿਸ ਸ਼ੱਕੀ ਮੰਨ ਰਹੀ ਹੈ। ਦੋ ਹੋਰ ਘਰ ਵੀ ਸੜ ਗਏ, ਇੱਕ ਵਿੱਚ ਤਾਂ ਲੋਕ ਵੀ ਰਹਿੰਦੇ ਸਨ। ਪੁਲਿਸ ਨੇ ਦੱਸਿਆ ਕਿ ਉਸਾਰੀ ਅਧੀਨ ਇਨ੍ਹਾਂ ਘਰਾਂ ਵਿੱਚੋਂ ਕੁੱਝ ਵਿੱਚ ਲੋਕ ਰਹਿੰਦੇ ਹਨ ਤੇ ਕੁੱਝ ਖਾਲੀ ਪਏ ਹਨ।