ਟੋਰਾਂਟੋ, 4 ਦਸੰਬਰ (ਪੋਸਟ ਬਿਊਰੋ) : ਟੋਰਾਂਟੋ ਪੁਲਿਸ ਵੱਲੋਂ ਹਥਿਆਰਾਂ ਸਬੰਧੀ ਚੱਲ ਰਹੀ ਜਾਂਚ ਦੌਰਾਨ ਪਿੱਛੇ ਜਿਹੇ ਲਈ ਗਈ ਤਲਾਸ਼ੀ ਵਿੱਚ ਭਰੀ ਹੋਈ ਹੈਂਡਗੰਨ ਮਿਲਣ ਤੋਂ ਬਾਅਦ ਚਾਰਜਿਜ਼ ਦਾ ਸਾਹਮਣਾ ਕਰ ਰਹੇ ਤਿੰਨ ਵਿਅਕਤੀਆਂ ਵਿੱਚ 16 ਸਾਲਾ ਲੜਕੀ ਵੀ ਸ਼ਾਮਲ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਪਹਿਲੀ ਦਸੰਬਰ, 2023 ਨੂੰ ਕੀਤੀ ਗਈ ਜਾਂਚ ਦਰਮਿਆਨ ਵੁੱਡਬਾਈਨ ਐਵਨਿਊ ਤੇ ਕਿੰਗਸਟਨ ਰੋਡ ਏਰੀਆ ਤੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਵਿੱਚ ਇੱਕ ਪੁਰਸ਼, ਇੱਕ ਮਹਿਲਾ ਤੇ ਟੀਨੇਜਰ ਲੜਕੀ ਸ਼ਾਮਲ ਸਨ। ਸਰਚ ਵਾਰੰਟ ਕਢਵਾਉਣ ਤੋਂ ਬਾਅਦ ਲਈ ਗਈ ਤਲਾਸ਼ੀ ਵਿੱਚ ਪੁਲਿਸ ਨੂੰ 9 ਐਮਐਮ ਦੀ ਸੈਮੀ ਆਟੋਮੈਟਿਕ ਹੈਂਡਗੰਨ ਬਰਾਮਦ ਹੋਈ ਤੇ ਕੁੱਝ ਕੀਮਤੀ ਸਮਾਨ ਵੀ ਬਰਾਮਦ ਹੋਇਆ। ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ।
ਸੋਮਵਾਰ ਨੂੰ ਪੁਲਿਸ ਨੇ ਟੋਰਾਂਟੋ ਦੀ 18 ਸਾਲਾ ਕਾਇਲੀ ਟੇਲਰ ਤੇ 37 ਸਾਲਾ ਟੈਮੀ ਟੇਲਰ ਦੀ ਸ਼ਨਾਖ਼ਤ ਕੀਤੀ। ਇਨ੍ਹਾਂ ਉੱਤੇ ਹਥਿਆਰਾਂ ਨਾਲ ਸਬੰਧਤ ਕਈ ਚਾਰਜਿਜ਼ ਲਾਏ ਗਏ। ਇੱਕ 16 ਸਾਲਾ ਲੜਕੀ ਉੱਤੇ ਵੀ ਹਥਿਆਰ ਲੁਕੋ ਕੇ ਰੱਖਣ ਤੇ ਹਥਿਆਰਾਂ ਨਾਲ ਸਬੰਧਤ ਹੋਰ ਚਾਰਜਿਜ਼ ਲਾਏ ਗਏ। ਇਨ੍ਹਾਂ ਸਾਰਿਆਂ ਦਾ ਆਪਸ ਵਿੱਚ ਕੀ ਸਬੰਧ ਹੈ ਇਹ ਸਪਸ਼ਟ ਨਹੀਂ ਹੋ ਸਕਿਆ ਤੇ ਜਾਂਚਕਾਰਾਂ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।