ਦਰਹਾਮ, 4 ਦਸੰਬਰ (ਪੋਸਟ ਬਿਊਰੋ) : ਵ੍ਹਿਟਬੀ ਵਿੱਚ ਕਥਿਤ ਤੌਰ ਉੱਤੇ ਇੱਕ ਗੱਡੀ ਨੂੰ ਚੋਰੀ ਕਰਨ ਦੀ ਕੋਸਿ਼ਸ਼ ਕਰਨ ਤੇ ਫਿਰ ਪੁਲਿਸ ਅਧਿਕਾਰੀਆਂ ਤੋਂ ਬਚਣ ਲਈ ਦੂਜੀ ਚੋਰੀ ਦੀ ਗੱਡੀ ਵਿੱਚ ਭੱਜਣ ਦੀ ਕੋਸਿ਼ਸ਼ ਕਰਨ ਵਾਲੇ 5 ਟੀਨੇਜਰਜ਼ ਨੂੰ ਚਾਰਜਿਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦਰਹਾਮ ਰੀਜਨਲ ਪੁਲਿਸ ਨੂੰ 26 ਨਵੰਬਰ ਨੂੰ ਤੜ੍ਹਕੇ 2:00 ਵਜੇ ਦੇ ਨੇੜੇ ਤੇੜੇ ਟੌਂਟਨ ਰੋਡ ਤੇ ਹਾਈਵੇਅ 412 ਇਲਾਕੇ ਵਿੱਚ ਇੱਕ ਗੱਡੀ ਚੋਰੀ ਹੋਣ ਦੀ ਖਬਰ ਮਿਲੀ। ਖਬਰ ਮਿਲਦਿਆਂ ਸਾਰ ਹੀ ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚੇ। ਇਹ ਦੋਸ਼ ਲਾਇਆ ਗਿਆ ਕਿ ਕੁੱਝ ਮਸ਼ਕੂਕ ਗੱਡੀ ਚੋਰੀ ਕਰਨ ਦੀ ਕੋਸਿ਼ਸ਼ ਕਰ ਰਹੇ ਸਨ ਪਰ ਪੁਲਿਸ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਮਸ਼ਕੂਕ ਮੌਕੇ ਤੋਂ ਫਰਾਰ ਹੋ ਗਏ। ਜਦੋਂ ਪੁਲਿਸ ਅਧਿਕਾਰੀਆਂ ਨੇ ਆਲੇ ਦੁਆਲੇ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਇਲਾਕੇ ਵਿੱਚ ਇੱਕ ਸ਼ੱਕੀ ਗੱਡੀ ਜਾਂਦੀ ਨਜ਼ਰ ਆਈ।
ਪੁਲਿਸ ਨੇ ਗੱਡੀ ਦੀ ਲਾਇਸੰਸ ਪਲੇਟ ਚੈੱਕ ਕੀਤੀ ਤਾਂ ਪਾਇਆ ਕਿ ਉਹ ਚੋਰੀ ਦੀ ਗੱਡੀ ਹੈ। ਗੱਡੀ ਆਪਣੀਆਂ ਨਜ਼ਰਾਂ ਤੋਂ ਦੂਰ ਹੋਣ ਤੋਂ ਪਹਿਲਾਂ ਹੀ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਰੋਕਣ ਦੀ ਕੋਸਿ਼ਸ਼ ਕੀਤੀ। ਪੁਲਿਸ ਨੇ ਡੀਆਰਪੀ ਦੇ ਏਅਰ 1 ਚੌਪਰ ਦੀ ਮਦਦ ਨਾਲ ਐਜੈਕਸ ਦੇ ਸ਼ੇਰਵੁੱਡ ਡਰਾਈਵ ਇਲਾਕੇ ਤੋਂ ਮਸ਼ਕੂਕਾਂ ਨੂੰ ਟਰੈਕ ਕਰ ਲਿਆ, ਪੰਜੇ ਮਸ਼ਕੂਕ ਗੱਡੀ ਛੱਡ ਕੇ ਪੈਦਲ ਭੱਜਣ ਦੀ ਕੋਸਿ਼ਸ਼ ਕਰ ਰਹੇ ਸਨ।ਥੋੜ੍ਹੀ ਦੂਰੀ ਉੱਤੇ ਹੀ ਪੁਲਿਸ ਮਸ਼ਕੂਕਾਂ ਨੂੰ ਵੱਖ ਵੱਖ ਥਾਂਵਾਂ ਤੋਂ ਫੜ੍ਹਨ ਵਿੱਚ ਕਾਮਯਾਬ ਰਹੀ।
ਜਾਂਚਕਾਰਾਂ ਵੱਲੋਂ 17 ਸਾਲ ਦੀਆਂ ਤਿੰਨ ਲੜਕੀਆਂ, 17 ਸਾਲ ਦੇ ਇੱਕ ਲੜਕੇ ਤੇ 16 ਸਾਲਾਂ ਦੀ ਇੱਕ ਲੜਕੀ ਨੂੰ 5000 ਡਾਲਰ ਤੋਂ ਵੱਧ ਦੀ ਜੁਰਮ ਨਾਲ ਕਮਾਈ ਸੰਪਤੀ ਰੱਖਣ ਲਈ ਚਾਰਜ ਕੀਤਾ ਗਿਆ ਹੈ।