ਓਨਟਾਰੀਓ, 4 ਦਸੰਬਰ (ਪੋਸਟ ਬਿਊਰੋ) : ਬਰਲਿੰਗਟਨ, ਓਨਟਾਰੀਓ ਵਿੱਚ ਸੋਮਵਾਰ ਸਵੇਰੇ ਇੱਕ ਢਾਂਚੇ ਨੂੰ ਲੱਗੀ ਅੱਗ ਕਾਰਨ ਚਾਰ ਅੰਡਰ ਕੰਸਟ੍ਰਕਸ਼ਨ ਘਰ ਸੜ ਕੇ ਸੁਆਹ ਹੋ ਗਏ।
ਬਰਲਿੰਗਟਨ ਦੇ ਫਾਇਰ ਚੀਫ ਡੈਨ ਵੈਂਡਰਲੇਲੀ ਨੇ ਆਖਿਆ ਕਿ ਇਹ ਅੱਗ ਤੜ੍ਹਕੇ 4:00 ਵਜੇ ਡੰਡਾਸ ਸਟਰੀਟ ਵੈਸਟ ਤੇ ਵਾਕਰਜ਼ ਲਾਈਨ ਨੇੜੇ ਲੋਦੀ ਰੋਡ ਉੱਤੇ ਲੱਗੀ। ਉਨ੍ਹਾਂ ਦੱਸਿਆ ਕਿ ਮੌਕੇ ਉੱਤੇ ਪਹੁੰਚਣ ਉੱਤੇ ਉਨ੍ਹਾਂ ਨੂੰੰ ਤਿੰਨ ਘਰ ਪੂਰੀ ਤਰ੍ਹਾਂ ਤਬਾਹ ਹਾਲਤ ਵਿੱਚ ਮਿਲੇ ਤੇ ਉਸ ਤੋਂ ਬਾਅਦ ਇੱਕ ਹੋਰ ਘਰ ਵੀ ਚਪੇਟ ਵਿੱਚ ਆ ਗਿਆ। ਇਹ ਸਾਰੇ ਘਰ ਉਸਾਰੀ ਅਧੀਨ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਜਿਨ੍ਹਾਂ ਘਰਾਂ ਵਿੱਚ ਅੱਗ ਲੱਗੀ ਉਨ੍ਹਾਂ ਦੇ ਆਲੇ ਦੁਆਲੇ ਵਾਲੇ ਘਰਾਂ ਵਿੱਚ ਲੋਕ ਰਹਿ ਰਹੇ ਸਨ ਪਰ ਫਾਇਰ ਅਮਲੇ ਨੇ ਜਲਦ ਹੀ ਉਨ੍ਹਾਂ ਸਾਰਿਆ ਤੋਂ ਘਰ ਖਾਲੀ ਕਰਵਾ ਲਏ। ਉਨ੍ਹਾਂ ਘਰਾਂ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਿਆ।
ਇਹ ਉਸਾਰੀ ਅਧੀਨ ਘਰਾਂ ਨੂੰ ਅੱਗ ਲੱਗਣ ਦੀ ਤੀਜੀ ਘਟਨਾ ਹੈ। ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਤੇ ਦੋ ਮਹੀਨੇ ਪਹਿਲਾਂ ਉਸਾਰੀ ਅਧੀਨ ਘਰਾਂ ਨੂੰ ਲੱਗੀ ਅੱਗ ਉੱਤੇ ਕਾਬੂ ਪਾਉਣ ਲਈ ਫਾਇਰ ਅਮਲੇ ਨੂੰ ਸੱਦਿਆ ਗਿਆ ਸੀ। ਚੀਫ ਨੇ ਦੱਸਿਆ ਕਿ ਓਨਟਾਰੀਓ ਫਾਇਰ ਮਾਰਸ਼ਲ ਵੱਲੋਂ ਇਨ੍ਹਾਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਲੋਕਲ ਟ੍ਰੈਫਿਕ ਨੂੰ ਹਟਾਉਣ ਲਈ ਪੁਲਿਸ ਵੀ ਮੌਕੇ ਉੱਤੇ ਮੌਜੂਦ ਸੀ।