ਟੋਰਾਂਟੋ, 3 ਦਸੰਬਰ (ਪੋਸਟ ਬਿਊਰੋ) : ਸਾਬਕਾ ਐਮਪੀ ਤੇ ਤਿੰਨ ਵਾਰੀ ਮਿਸੀਸਾਗਾ ਦੀ ਮੇਅਰ ਰਹਿ ਚੁੱਕੀ ਬੌਨੀ ਕ੍ਰੌਂਬੀ ਨੂੰ ਓਨਟਾਰੀਓ ਦੇ ਲਿਬਰਲਾਂ ਨੇ ਆਪਣਾ ਨਵਾਂ ਆਗੂ ਚੁਣ ਲਿਆ ਹੈ। ਕ੍ਰੌਂਬੀ ਦਾ ਕਹਿਣਾ ਹੈ ਕਿ ਅਗਲੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਉਹ ਪ੍ਰੀਮੀਅਰ ਡੱਗ ਫੋਰਡ ਨਾਲ ਸਿੱਧਾ ਮੱਥਾ ਲਾਵੇਗੀ।
ਦੋ ਵਾਰੀ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਹਾਰਨ ਤੋਂ ਬਾਅਦ ਲਿਬਰਲਾਂ ਵੱਲੋਂ ਕ੍ਰੌਂਬੀ ਹੱਥ ਹੁਣ ਪਾਰਟੀ ਦੀ ਵਾਗਡੋਰ ਸੌਂਪੀ ਗਈ ਹੈ। ਕ੍ਰੌਂਬੀ ਦਾ ਕਹਿਣਾ ਹੈ ਕਿ 2026 ਦੀ ਕੈਂਪੇਨ ਤੇ ਹੁਣ ਦਰਮਿਆਨ ਕਾਫੀ ਕੰਮ ਕਰਨ ਵਾਲਾ ਹੈ ਤੇ ਇਸ ਲਈ ਸਖ਼ਤ ਮਿਹਨਤ ਦੀ ਲੋੜ ਹੋਵੇਗੀ।ਕ੍ਰੌਂਬੀ ਨੇ ਆਖਿਆ ਕਿ ਸਾਡਾ ਸਿੱਧਾ ਮੁਕਾਬਲਾ ਫੋਰਡ ਤੇ ਉਨ੍ਹਾਂ ਦੇ ਕੰਜ਼ਰਵੇਟਿਵਾਂ ਨਾਲ ਰਹੇਗਾ ਤੇ ਅਗਲੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਅਸੀਂ ਫੋਰਡ ਸਰਕਾਰ ਨੂੰ ਚੱਲਦਾ ਕਰਕੇ ਹੀ ਸਾਹ ਲਵਾਂਗੇ।
ਕ੍ਰੌਂਬੀ ਨੇ ਲਿਬਰਲ ਐਮਪੀ ਨੇਟ ਅਰਸਕਾਈਨ-ਸਮਿੱਥ, ਲਿਬਰਲ ਐਮਪੀ ਤੇ ਸਾਬਕਾ ਪ੍ਰੋਵਿੰਸ਼ੀਅਲ ਕੈਬਨਿਟ ਮੰਤਰੀ ਯਾਸਿਰ ਨਕਵੀ ਤੇ ਸਾਬਕਾ ਲਿਬਰਲ ਐਮਪੀ ਤੇ ਮੌਜੂਦਾ ਪ੍ਰੋਵਿੰਸ਼ੀਅਲ ਕਾਕਸ ਮੈਂਬਰ ਟੈੱਡ ਹਸੂ ਨੂੰ ਮਾਤ ਦਿੱਤੀ। ਸਰਵੇਖਣਾਂ ਤੋਂ ਸਾਹਮਣੇ ਆਇਆ ਸੀ ਕਿ ਹੋਰਨਾਂ ਲਿਬਰਲ ਲੀਡਰਸਿ਼ਪ ਉਮੀਦਵਾਰਾਂ ਨਾਲੋਂ ਜੇ ਕ੍ਰੌਂਬੀ ਹੱਥ ਪਾਰਟੀ ਦੀ ਵਾਗਡੋਰ ਦਿੱਤੀ ਜਾਵੇ ਤਾਂ ਅਗਲੀਆਂ ਚੋਣਾਂ ਵਿੱਚ ਲਿਬਰਲ ਪਾਰਟੀ ਕੰਜ਼ਰਵੇਟਿਵਾਂ ਖਿਲਾਫ ਚੰਗੀ ਕਾਰਗੁਜ਼ਾਰੀ ਵਿਖਾ ਸਕਦੀ ਹੈ।
ਟੋਰੀਜ਼ ਵੱਲੋਂ ਕ੍ਰ਼ੌਂਬੀ ਨੂੰ ਅਮੀਰਾਂ ਦੀ ਗੱਲ ਸੁਣਨ ਵਾਲੀ ਆਗੂ ਦੱਸਿਆ ਜਾ ਰਿਹਾ ਹੈ ਜਿਹੜੀ ਟੈਕਸਾਂ ਵਿੱਚ ਵਾਧਾ ਕਰੇਗੀ ਜਦਕਿ ਐਨਡੀਪੀ ਦਾ ਕਹਿਣਾ ਹੈ ਕਿ ਫੋਰਡ ਤੇ ਕ੍ਰੌਂਬੀ ਦਰਮਿਆਨ ਕੋਈ ਫਰਕ ਨਹੀਂ ਹੈ। ਇਸ ਉੱਤੇ ਕ੍ਰੌਂਬੀ ਨੇ ਆਖਿਆ ਕਿ ਇੰਜ ਲੱਗਦਾ ਹੈ ਕਿ ਉਸ ਦੇ ਲੀਡਰ ਚੁਣੇ ਜਾਣ ਤੋਂ ਦੋਵੇਂ ਵਿਰੋਧੀ ਧਿਰਾਂ ਡਰ ਗਈਆਂ ਹਨ ਤੇ ਉਨ੍ਹਾਂ ਨੂੰ ਡਰਨਾ ਵੀ ਚਾਹੀਦਾ ਹੈ। 2014 ਵਿੱਚ ਕ੍ਰੌਂਬੀ ਮਿਸੀਸਾਗਾ ਦੀ ਮੇਅਰ ਚੁਣੀ ਗਈ, ਉਸ ਤੋਂ ਪਹਿਲਾਂ ਉਹ ਸਿਟੀ ਕਾਊਂਸਲਰ ਸੀ ਤੇ ਉਸ ਤੋਂ ਵੀ ਪਹਿਲਾਂ ਉਸ ਨੇ ਐਮਪੀ ਵਜੋਂ ਲਿਬਰਲਾ ਲਈ ਮਿਸੀਸਾਗਾ ਦੀ ਅਗਵਾਈ ਕੀਤੀ ਸੀ।