ਓਨਟਾਰੀਓ, 3 ਦਸੰਬਰ (ਪੋਸਟ ਬਿਊਰੋ) : ਸ਼ਨਿੱਚਰਵਾਰ ਸਵੇਰੇ ਲੇਕ ਓਨਟਾਰੀਓ ਵਿੱਚ ਗੱਡੀ ਡਿੱਗ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਟੋਰਾਂਟੋ ਪੁਲਿਸ ਵੱਲੋਂ ਜਾਰੀ ਕੀਤੀ ਗਈ ਨਿਊਜ਼ ਰਲੀਜ਼ ਵਿੱਚ ਦੱਸਿਆ ਗਿਆ ਕਿ ਤੜ੍ਹਕੇ 3:30 ਵਜੇ ਦੇ ਨੇੜੇ ਤੇੜੇ ਇੱਕ ਗੱਡੀ ਤੇਜ਼ ਰਫਤਾਰ ਨਾਲ ਚੈਰੀ ਸਟਰੀਟ ਉੱਤੇ ਦੱਖਣ ਵੱਲ ਜਾ ਰਹੀ ਸੀ ਤੇ ਉਸ ਵਿੱਚ ਦੋ ਵਿਅਕਤੀ ਸਵਾਰ ਸਨ। ਗੱਡੀ ਜਦੋਂ ਲੇਕ ਓਨਟਾਰੀਓ ਉੱਤੇ ਬਣੇ ਪੁਲ, ਜਿਹੜਾ ਉਸਾਰੀ ਅਧੀਨ ਹੈ, ਉੱਤੇ ਪਹੁੰਚੀ ਤਾਂ ਡਰਾਈਵਰ ਗੱਡੀ ਤੋਂ ਨਿਯੰਤਰਣ ਗੁਆ ਬੈਠਿਆ ਤੇ ਗੱਡੀ ਪੁਲ ਤੋਂ ਹੇਠਾਂ ਪਾਣੀ ਵਿੱਚ ਜਾ ਡਿੱਗੀ।
ਟੋਰਾਂਟੋ ਫਾਇਰ ਨੇ ਦੱਸਿਆ ਕਿ ਦੋਵੇਂ ਵਿਅਕਤੀ ਗੱਡੀ ਵਿੱਚੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ ਪਰ ਇੱਕ ਪਾਣੀ ਤੋਂ ਬਾਹਰ ਨਹੀਂ ਆ ਸਕਿਆ। ਇਸ ਵਿਅਕਤੀ ਦੀ ਭਾਲ ਲਈ ਫਾਇਰ ਅਮਲੇ ਵੱਲੋਂ ਫੌਰਨ ਸਰਚ ਤੇ ਰੈਸਕਿਊ ਦਾ ਕੰਮ ਸ਼ੁਰੂ ਕੀਤਾ ਗਿਆ।ਥੋੜ੍ਹੀ ਦੇਰ ਬਾਅਦ ਉਹ ਵਿਅਕਤੀ ਮਿਲ ਵੀ ਗਿਆ ਤੇ ਉਸ ਨੂੰ ਈਐਮਐਸ ਭੇਜ ਦਿੱਤਾ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਟੋਰਾਂਟੋ ਪੈਰਾਮੈਡਿਕਸ ਨੇ ਦੱਸਿਆ ਕਿ ਦੂਜੇ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਤੇ ਉਹ ਸਥਿਰ ਹਾਲਤ ਵਿੱਚ ਹੈ। ਗੱਡੀ ਨੂੰ ਅਜੇ ਪਾਣੀ ਵਿੱਚੋਂ ਬਾਹਰ ਨਹੀਂ ਕੱਢਿਆ ਜਾ ਸਕਿਆ। ਮਾਰੇ ਗਏ ਵਿਅਕਤੀ ਦੀ ਪਛਾਣ ਅਜੇ ਜਾਹਰ ਨਹੀਂ ਕੀਤੀ ਗਈ ਹੈ।