ਟੋਰਾਂਟੋ, 30 ਨਵੰਬਰ (ਪੋਸਟ ਬਿਊਰੋ) : ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਓਨਟਾਰੀਓ ਦੀ ਕਾਰਜੈਕਿੰਗ ਟਾਸਕ ਫੋਰਸ ਦੇ ਮੈਂਬਰਾਂ ਨੇ ਬੁੱਧਵਾਰ ਨੂੰ ਇਟੋਬੀਕੋ ਵਿੱਚ ਇੱਕ ਗੱਡੀ ਚੋਰੀ ਹੋਣ ਤੋਂ ਬਚਾਈ।
ਇੱਕ ਨਿਊਜ਼ ਰਲੀਜ਼ ਵਿੱਚ ਪੁਲਿਸ ਨੇ ਆਖਿਆ ਕਿ ਉਨ੍ਹਾਂ ਨੂੰ ਰਾਤੀਂ 10:23 ਉੱਤੇ ਸ਼ੇਰਵੇਅ ਗਾਰਡਨਜ਼ ਨੇੜੇ ਕੁਈਨਜ਼ਵੇਅ ਤੇ ਨੌਰਥ ਕੁਈਨ ਸਟਰੀਟ ਇਲਾਕੇ ਵਿੱਚ ਗੱਡੀ ਨੂੰ ਚੋਰੀ ਕਰਨ ਦੀ ਕੋਸਿ਼ਸ਼ ਕਰਨ ਵਾਲੇ ਵਿਅਕਤੀ ਦੀ ਜਾਣਕਾਰੀ ਦੇ ਕੇ ਸੱਦਿਆ ਗਿਆ। ਪੁਲਿਸ ਨੇ ਦੱਸਿਆ ਕਿ ਗੱਡੀ ਦੇ ਮਾਲਕ ਨੇ ਇਸ ਇਲਾਕੇ ਵਿੱਚ ਆਪਣੀ ਗੱਡੀ ਪਾਰਕ ਕੀਤੀ ਹੋਈ ਸੀ ਜਦੋਂ ਇੱਕ ਮਸ਼ਕੂਕ ਨੇ ਉਸ ਕੋਲ ਆ ਕੇ ਉਸ ਉੱਤੇ ਹਮਲਾ ਕਰ ਦਿੱਤਾ।
ਮਸ਼ਕੂਕ ਦੀ ਪਛਾਣ ਟੋਰਾਂਟੋ ਦੇ 35 ਸਾਲਾ ਲੂਈ ਹੌਜ ਵਜੋਂ ਹੋਈ ਹੈ ਤੇ ਉਸ ਵੱਲੋਂ ਹੀ ਇਸ ਗੱਡੀ ਨੂੰ ਚੋਰੀ ਕਰਨ ਦੀ ਕੋਸਿ਼ਸ਼ ਕੀਤੀ ਗਈ। ਪਰ ਪ੍ਰੋਵਿੰਸ਼ੀਅਲ ਕਾਰਜੈਕਿੰਗ ਜੁਆਇੰਟ ਟਾਸਕ ਫੋਰਸ ਦੇ ਮੈਂਬਰਾਂ ਨੇ ਮੌਕੇ ਉੱਤੇ ਪਹੁੰਚ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਹੌਜ ਨੂੰ ਡਾਕਾ ਮਾਰਨ ਤੇ 5000 ਡਾਲਰ ਤੋਂ ਵੱਧ ਦੇ ਜੁਰਮ ਨਾਲ ਹਾਸਲ ਕੀਤੀ ਸੰਪਤੀ ਰੱਖਣ ਲਈ ਚਾਰਜ ਕੀਤਾ ਗਿਆ ਹੈ।