ਟੋਰਾਂਟੋ, 30 ਨਵੰਬਰ (ਪੋਸਟ ਬਿਊਰੋ) : ਟੋਰਾਂਟੋ ਪੁਲਿਸ ਵੱਲੋਂ ਇੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨੇ ਪੁਲਿਸ ਦੀਆਂ ਕਈ ਕਰੂਜ਼ਰਜ਼ ਵਿੱਚ ਕਥਿਤ ਤੌਰ ਉੱਤੇ ਟੱਕਰ ਮਾਰ ਦਿੱਤੀ। ਜਾਂਚਕਾਰ ਇਹ ਪਤਾ ਲਾਉਣ ਦੀ ਵੀ ਕੋਸਿ਼ਸ਼ ਕਰ ਰਹੇ ਹਨ ਕਿ ਕਿਤੇ ਇਸ ਡਰਾਈਵਰ ਨੇ ਆਪਣੀ ਚੱਲਦੀ ਕਾਰ ਵਿੱਚੋਂ ਧੱਕਾ ਦੇ ਕੇ ਕਿਸੇ ਮਹਿਲਾ ਨੂੰ ਤਾਂ ਬਾਹਰ ਨਹੀਂ ਸੁੱਟਿਆ।
ਬੁੱਧਵਾਰ ਨੂੰ ਸ਼ਾਮੀਂ 5:30 ਵਜੇ ਤੋਂ ਬਾਅਦ ਜਾਂਚਕਾਰਾਂ ਨੂੰ ਹਾਈਵੇਅ 27 ਤੇ ਹੰਬਰ ਕਾਲਜ ਬੁਲੇਵਾਰਡ ਇਲਾਕੇ ਵਿੱਚ ਹੋਏ ਹਾਦਸੇ ਦੀ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਦੱਸਿਆ ਕਿ ਕਾਲੇ ਰੰਗ ਦੀ ਸੇਡਾਨ ਵਿੱਚ ਮੌਜੂਦ ਇੱਕ ਡਰਾਈਵਰ ਵੱਲੋਂ ਇਲਾਕੇ ਵਿੱਚ ਕਈ ਗੱਡੀਆਂ ਨੂੰ ਟੱਕਰ ਮਾਰੀ ਤੇ ਮੌਕੇ ਤੋਂ ਫਰਾਰ ਹੋ ਗਿਆ।ਕਾਂਸਟੇਬਲ ਲੌਰਾ ਬ੍ਰੈਬੈਂਟ ਦਾ ਕਹਿਣਾ ਹੈ ਕਿ ਇੱਕ ਮਹਿਲਾ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲੀ ਤੇ ਪੁਲਿਸ ਇਹ ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੀ ਹੈ ਕਿ ਕਿਤੇ ਉਸ ਨੂੰ ਚੱਲਦੀ ਸੇਡਾਨ ਵਿੱਚੋਂ ਤਾਂ ਬਾਹਰ ਨਹੀਂ ਸੁੱਟਿਆ ਗਿਆ।
ਉਨ੍ਹਾਂ ਆਖਿਆ ਕਿ ਇਸ ਸਬੰਧੀ ਜਾਣਕਾਰੀ ਚਸ਼ਮਦੀਦਾਂ ਵੱਲੋਂ ਦਿੱਤੀ ਗਈ ਹੈ ਕਿ ਕਾਰ ਵਿੱਚ ਮਹਿਲਾ ਸਵਾਰ ਸੀ ਤੇ ਜਾਂ ਤਾਂ ਉਹ ਖੁਦ ਚੱਲਦੀ ਕਾਰ ਵਿੱਚੋਂ ਬਾਹਰ ਡਿੱਗ ਗਈ ਤੇ ਜਾਂ ਫਿਰ ਉਸ ਨੂੰ ਧੱਕਾ ਮਾਰਿਆ ਗਿਆ।ਉਨ੍ਹਾਂ ਆਖਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਡਰਾਈਵਰ ਵੱਲੋਂਂ ਪੁਲਿਸ ਦੀਆਂ ਕਈ ਕਰੂਜ਼ਰਜ਼ ਨੂੰ ਟੱਕਰ ਮਾਰੀ ਗਈ ਤੇ ਇੱਕ ਅਧਿਕਾਰੀ ਜ਼ਖ਼ਮੀ ਵੀ ਹੋ ਗਿਆ।
ਆਖਿਰਕਾਰ ਇਸ ਡਰਾਈਵਰ ਨੂੰ ਹਾਈਵੇਅ 27 ਤੇ ਐਲਬੀਅਨ ਰੋਡ ਏਰੀਆ ਵਿੱਚ ਵੇਖਿਆ ਗਿਆ ਤੇ ਉੱਥੇ ਹੀ ਇਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਡਰਾਈਵਰ ਉੱਤੇ ਕਈ ਚਾਰਜਿਜ਼ ਲਾਏ ਜਾ ਸਕਦੇ ਹਨ।