ਕੈਨੇਡਾ, 29 ਨਵੰਬਰ ( ਸੁਰਜੀਤ ਸਿੰਘ ਫਲੋਰਾ) ਜਿਥੇ ਸੋਮਵਾਰ ਨੂੰ ਵਿਸ਼ਵ ਭਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ। ਉਥੇ ਨਿਰੰਕਾਰੀ ਜੋਤ, ਕਲਯੁੱਗ ਦੇ ਤਾਰਨਹਾਰ, ਸਿੱਖ ਧਰਮ ਦੇ ਮੋਢੀ, ਬਾਬਰ ਨੂੰ ਜਾਬਰ ਕਹਿਣ ਤੇ ਜ਼ੁਲਮ ਦੇ ਖ਼ਿਲਾਫ਼ ਹੱਕ-ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਜਗਤ ਗੁਰੂ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਦਿਵਸ ਗੁਰਦੁਆਰਾ ਨਾਨਕਸਰ ਟਿੰਬਰਲੇਨ ਬਰੈਂਪਟਨ ਤੇ ਕੈਨੇਡਾ ਭਰ ਦੇ ਗੁਰਦੁਆਰਾ ਸਾਹਿਬ , ਉਨਟੈਰੀੳ ਖਾਲਸਾ ਦਰਬਾਰ , ਡਿਕਸੀ ਗੁਰੂਘਰ, ਨਾਨਕਸਰ ਸਿੱਖ ਸੈਂਟਰ ਤੇ ਹੋਰ ਵੈਨਕੂਵਰ ਦੇ ਵੱਖ-ਵੱਖ ਗੁਰੂਘਰਾਂ ਵਿਚ ਸ਼ਰਧਾਪੂਰਵਕ ਮਨਾਇਆ ਗਿਆ, ਜਿੱਥੇ ਸਵੇਰ ਤੇ ਸ਼ਾਮ ਦੋਵੇਂ ਸਮੇਂ ਗੁਰਮਤਿ ਦੀਵਾਨ ਸਜਾਏ ਗਏ। ਸਜੇ ਦੀਵਾਨਾਂ ਵਿਚ ਪੰਥ ਪ੍ਰਸਿੱਧ ਕੀਰਤਨੀਆਂ ਅਤੇ ਪ੍ਰਚਾਰਕਾਂ ਨੇ ਨਾਨਕ ਨਾਮਲੇਵਾ ਸੰਗਤਾਂ ਨੂੰ ਇਲਾਹੀ ਗੁਰਬਾਣੀ ਤੇ ਗੁਰਮਤਿ ਵਿਚਾਰਾਂ ਸਰਵਣ ਕਰਵਾਈਆਂ। ਕਥਾਂ ਅਤੇ ਕਵੀ ਸੱਜਣਾ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਹਨਾਂ ਦੇ ਅਮਨ – ਅਮਾਨ , ਉਚ ਨੀਚ , ਅਮੀਰ – ਗਰੀਬ ਵਾਲੇ ਸੰਦੇਸ਼ ਨੂੰ ਸਾਂਝਿਆ ਕੀਤਾ।
ਸ੍ਰੀ ਗੁਰੁ ਨਾਨਕ ਦੇਵ ਜੀ ਦੇ ਆਗਮਨ ‘ਚ ਗੁਰਦੁਆਰਿਆ ਨੂੰ ਅੰਦਰੋਂ ਅਤੇ ਬਾਹਰੋ ਬਹੁਤ ਹੀ ਖੁਬਸੂਰਤੀ ਨਾਲ ਲਾਇਟਾਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਸੀ। ਇਸੇ ਤਰਹਾਂ ਕੈਂੇਨੇਡਾ ਸਰਕਾਰ ਦੇ ਲੀਡਰਾਂ ਵਲੋਂ ਵੱਖ ਵੱਖ ਗੁਰਦੁਆਰਿਆ ਵਿਚ ਪਹੁੰਚ ਕੇ ਗੁਰੂ ਸਾਹਿਬ ਦੇ ਗੁਰਪੁਰਬ ਦੀਆਂ ਮੁਬਾਰਕਾ ਸਾਰੇ ਸਿੱਖ ਜਗਤ ਨੂੰ ਦਿੱਤੀਆਂ। ਇਸੇ ਤਰਹਾਂ ਕੈਨੇਡਾ ਦੇ ਪ੍ਰਧਾਂਨ ਮੰਤਰੀ ਟਰੂਡੋ ਵਲੋਂ ਵੀ ਸੰਦੇਸ ਜਾਰੀ ਕਰਦੇ ਹੋਏ ਕਿਹਾ ਕਿ, "ਇਸ ਮਹੱਤਵਪੂਰਨ ਮੌਕੇ 'ਤੇ, ਪਰਿਵਾਰ ਅਤੇ ਦੋਸਤ ਗੁਰੂ ਨਾਨਕ ਦੇਵ ਜੀ ਦੀਆਂ ਸਮਾਨਤਾ ਦੀਆਂ ਸਿੱਖਿਆਵਾਂ, ਅਤੇ ਏਕਤਾ, ਨਿਰਸਵਾਰਥਤਾ ਅਤੇ ਹਮਦਰਦੀ ਦੀਆਂ ਕਦਰਾਂ-ਕੀਮਤਾਂ 'ਤੇ ਵਿਚਾਰ ਕਰਨ ਲਈ ਇਕੱਠੇ ਹੋਣਗੇ ਜਿਨ੍ਹਾਂ ਨੂੰ ਉਨ੍ਹਾਂ ਨੇ ਬਰਕਰਾਰ ਰੱਖਿਆ। ਇਹ ਮਹੱਤਵਪੂਰਨ ਕਦਰਾਂ-ਕੀਮਤਾਂ ਅੱਜ ਵੀ ਸਿੱਖ ਕੈਨੇਡੀਅਨਾਂ ਦਾ ਮਾਰਗਦਰਸ਼ਨ ਕਰਦੀਆਂ ਰਹਿੰਦੀਆਂ ਹਨ, ਅਤੇ ਸਾਰੇ ਕੈਨੇਡੀਅਨਾਂ ਲਈ ਪ੍ਰੇਰਨਾ ਬਣ ਸਕਦੀਆਂ ਹਨ ਕਿਉਂਕਿ ਅਸੀਂ ਸਾਰਿਆਂ ਲਈ ਬਿਹਤਰ ਭਵਿੱਖ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ।
“ਕੈਨੇਡਾ ਦੁਨੀਆ ਭਰ ਦੇ ਸਭ ਤੋਂ ਵੱਡੇ ਸਿੱਖ ਭਾਈਚਾਰੇ ਦਾ ਘਰ ਹੈ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਾਡੇ ਸਾਰਿਆਂ ਲਈ ਕੈਨੇਡਾ ਦੇ ਸੱਭਿਆਚਾਰ, ਭਾਈਚਾਰੇ ਅਤੇ ਆਰਥਿਕਤਾ ਵਿੱਚ ਸਿੱਖ ਕੈਨੇਡੀਅਨਾਂ ਦੇ ਬਹੁਤ ਸਾਰੇ ਯੋਗਦਾਨ ਨੂੰ ਮਾਨਤਾ ਦੇਣ ਦਾ ਇੱਕ ਮੌਕਾ ਹੈ, ਜਿਸ ਨਾਲ ਸਾਡੇ ਦੇਸ਼ ਨੂੰ ਮਜ਼ਬੂਤ ਅਤੇ ਵਧੇਰੇ ਜੀਵੰਤ ਬਣਾਇਆ ਜਾ ਰਿਹਾ ਹੈ।
ਦੀਵਾਨਾਂ ਦੀ ਸਮਾਪਤੀ ਉਪਰੰਤ ਗੁਰੂ ਕੇ ਲੰਗਰ ਤੇ ਮਠਿਆਈਆਂ ਦੇ ਲੰਗਰ ਅਤੁੱਟ ਵਰਤਾਏ ਗਏ। ਆਖਿਰ ਤੇ ਸਮਾਪਤੀ ਦੀ ਅਰਦਾਸ ਭਾਈ ਸੇਵਾ ਸਿੰਘ ਹੋਰਾ ਵਲੋਂ ਕੀਤੀ ਗਈ ਤੇ ਸੰਗਤਾਂ ਦਾ ਗੁਰੂਘਰ ਪਹੁੰਚਣ ਤੇ ਧੰਨਵਾਦ ਕੀਤਾ।