ਓਨਟਾਰੀਓ, 19 ਨਵੰਬਰ (ਪੋਸਟ ਬਿਊਰੋ) : ਅਗਲੀਆਂ ਚੋਣਾਂ ਵਿੱਚ ਹੈਲਥ ਕੇਅਰ ਨੂੰ ਕਿਵੇਂ ਸੁਧਾਰਿਆ ਜਾਵੇ ਤੇ ਪ੍ਰੀਮੀਅਰ ਡੱਗ ਫੋਰਡ ਨੂੰ ਕਿਵੇਂ ਚੱਲਦਾ ਕੀਤਾ ਜਾਵੇ ਇਸ ਬਾਰੇ ਐਤਵਾਰ ਨੂੰ ਬਰੈਂਪਟਨ ਵਿੱਚ ਓਨਟਾਰੀਓ ਲਿਬਰਲ ਪਾਰਟੀ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਦੀ ਫਾਈਨਲ ਬਹਿਸ ਹੋਈ।
ਇਸ ਦੌੜ ਵਿੱਚ ਬਚੇ ਆਖਰੀ ਚਾਰ ਉਮੀਦਵਾਰਾਂ ਨੇ ਇੱਕ ਦੂਜੇ ਉੱਤੇ ਹਮਲੇ ਬੋਲਣ ਦੀ ਥਾਂ ਅਜਿਹੇ ਮੁੱਦਿਆਂ ਉੱਤੇ ਬਹਿਸ ਕੀਤੀ, ਜਿਹੜੇ ਉਨ੍ਹਾਂ ਆਪਣੀ ਚੋਣ ਕੈਂਪੇਨ ਦੌਰਾਨ ਸਫਰ ਕਰਦਿਆਂ ਸੁਣੇ।ਇਸ ਦੌੜ ਵਿੱਚ ਮੁੱਖ ਦਾਅਵੇਦਾਰ ਮੰਨੀ ਜਾ ਰਹੀ ਮਿਸੀਸਾਗਾ ਦੀ ਮੇਅਰ ਬੋਨੀ ਕ੍ਰੌਂਬੀ ਨੇ ਆਖਿਆ ਕਿ ਜੇ ਉਹ ਪ੍ਰੀਮੀਅਰ ਬਣਦੀ ਹੈ ਤਾਂ ਸੱਭ ਤੋਂ ਪਹਿਲਾਂ ਹੈਲਥ ਕੇਅਰ ਸਟਾਫ ਦੀ ਘਾਟ ਨੂੰ ਖ਼ਤਮ ਕਰੇਗੀ। ਉਨ੍ਹਾਂ ਆਖਿਆ ਕਿ ਇਸ ਸਮੱਸਿਆ ਨੇ ਕਈ ਸਾਲਾਂ ਤੋਂ ਸਾਡੇ ਪ੍ਰੋਵਿੰਸ ਨੂੰ ਘੇਰਿਆ ਹੋਇਆ ਹੈ ਤੇ ਉਹ ਇਸ ਲਈ ਲੋਕਾਂ ਨੂੰ ਸਹੀ ਤਨਖਾਹਾਂ ਦੇਵੇਗੀ ਤਾਂ ਕਿ ਉਹ ਆਪਣੇ ਕੰਮ ਉੱਤੇ ਟਿਕੇ ਰਹਿ ਸਕਣ।
ਫੋਰਡ ਸਰਕਾਰ ਵੱਲੋਂ ਅੱਖਾਂ, ਗੋਡਿਆਂ ਤੇ ਚੂਲੇ ਦੇ ਆਪਰੇਸ਼ਨ ਜਨਤਕ ਤੌਰ ਉੱਤੇ ਪੈਸੇ ਹਾਸਲ ਕਰਨ ਵਾਲੇ ਪ੍ਰਾਈਵੇਟ ਕਲੀਨਿਕਸ ਵਿੱਚ ਕਰਨ ਲਈ ਹੈਲਥ ਕੇਅਰ ਕਲੀਨਿਕਸ ਦਾ ਨਿਜੀਕਰਨ ਕੀਤੇ ਜਾਣ ਦੇ ਕਦਮ ਦਾ ਜਿ਼ਕਰ ਕਰਦਿਆਂ ਆਖਿਆ ਕਿ ਉਹ ਇਸ ਫੈਸਲੇ ਨੂੰ ਉਲਟਾਵੇਗੀ।ਫੈਡਰਲ ਲਿਬਰਲ ਵਿਧਾਇਕ ਯਾਸਿਰ ਨਕਵੀ ਨੇ ਆਖਿਆ ਕਿ ਪ੍ਰੋਵਿੰਸ ਦਾ ਸਫਰ ਕਰਦੇ ਸਮੇਂ ਉਨ੍ਹਾਂ ਸੱਭ ਤੋਂ ਚਰਚਿਤ ਮੁੱਦਾ ਹੈਲਥ ਕੇਅਰ ਦਾ ਮਿਲਿਆ। ਲੋਕ ਇਸ ਲਈ ਪਰੇਸ਼ਾਨ ਹਨ ਕਿਉਂਕਿ ਉਨ੍ਹਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ। ਉਨ੍ਹਾਂ ਆਖਿਆ ਕਿ ਚੁਣੇ ਜਾਣ ਉੱਤੇ ਉਹ ਸੱਭ ਤੋਂ ਪਹਿਲਾਂ ਕੌਮਾਂਤਰੀ ਪੱਧਰ ਉੱਤੇ ਸਿਖਲਾਈ ਪ੍ਰਾਪਤ ਡਾਕਟਰਾਂ ਤੇ ਲਾਇਸੰਸਸ਼ੁਦਾ ਨਰਸਾਂ ਨੂੰ ਇੱਧਰ ਲਿਆਉਣਗੇ ਤੇ ਜਲਦ ਤੋਂ ਜਲਦ ਉਨ੍ਹਾਂ ਤੋਂ ਪ੍ਰੈਕਟਿਸ ਸੁ਼ਰੂ ਕਰਵਾਉਣਗੇ।ਉਨ੍ਹਾਂ ਇਹ ਵੀ ਆਖਿਆ ਕਿ ਉਹ ਨਵਾਂ ਮੈਂਟਲ ਹੈਲਥ ਕੇਅਰ ਸਿਸਟਮ ਵੀ ਲਿਆਉਣਗੇ।
ਫੈਡਰਲ ਲਿਬਰਲ ਐਮਪੀ ਨੇਟ ਅਰਸਕਿਨ-ਸਮਿੱਥ ਨੇ ਆਖਿਆ ਕਿ ਪ੍ਰ੍ਰੀਮੀਅਰ ਬਣਨ ਉੱਤੇ ਉਹ ਹੈਲਥ ਕੇਅਰ ਤੇ ਹਾਊਸਿੰਗ ਵਿੱਚ ਸੁਧਾਰ ਲਿਆਉਣ ਉੱਤੇ ਜ਼ੋਰ ਲਾਉਣਗੇ। ਸਾਬਕਾ ਫੈਡਰਲ ਵਿਧਾਇਕ ਤੇ ਮੌਜੂਦਾ ਪ੍ਰੋਵਿੰਸ਼ੀਅਲ ਲਿਬਰਲ ਨੁਮਾਇੰਦੇ ਟੈੱਡ ਹਸੂ ਨੇ ਆਖਿਆ ਕਿ ਉਹ ਹੈਲਥ ਸਿਸਟਮ ਦਾ ਪੁਨਰ ਨਿਰਮਾਣ ਕਰਨਗੇ। ਉਨ੍ਹਾਂ ਆਖਿਆ ਕਿ ਟੀਮ ਉੱਤੇ ਆਧਾਰਿਤ ਹੈਲਥ ਕੇਅਰ ਤੇ ਜਿਓਗ੍ਰੈਫਿਕ ਹੈਲਥ ਹੋਮਜ਼ ਹੈਲਥ ਸਿਸਟਮ ਉੱਤੇ ਪਏ ਬੋਝ ਨੂੰ ਖ਼ਤਮ ਕਰਨ ਲਈ ਸਹੀ ਹੋਣਗੇ।
ਇਸ ਦੌਰਾਨ ਇਨ੍ਹਾਂ ਆਗੂਆਂ ਨੇ ਪ੍ਰੀਮੀਅਰ ਡੱਗ ਫੋਰਡ ਉੱਤੇ ਵੀ ਨਿਸ਼ਾਨਾ ਸਾਧਿਆ। ਕ੍ਰੌਂਬੀ ਨੇ ਆਖਿਆ ਕਿ ਅਸੀ਼ੰ ਫੋਰਡ ਨੂੰ ਹਰ ਹਾਲ 2026 ਵਿੱਚ ਅਹੁਦੇ ਤੋਂ ਪਾਸੇ ਕਰਕੇ ਹੀ ਸਾਹ ਲਵਾਂਗੇ।