ਨੋਵਾ ਸਕੋਸ਼ੀਆ, 12 ਮਈ (ਪੋਸਟ ਬਿਊਰੋ): ਨੋਵਾ ਸਕੋਸ਼ੀਆ ਦੀ ਐਨਾਪੋਲਿਸ ਵੈਲੀ ਵਿੱਚ ਹਾਈਵੇਅ 101 'ਤੇ ਸ਼ਨੀਵਾਰ ਰਾਤ ਕਰੀਬ 11:12 ਵਜੇ 7 ਅਤੇ 8 ਦੇ ਐਗਜਿ਼ਟ ਵਿਚਕਾਰ ਹੋਈ 2 ਵਾਹਨਾਂ ਦੀ ਟੱਕਰ `ਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਵਿਅਕਤੀ ਦੀ ਹਾਲਤ ਗੰਭੀਰ ਹੈ। ਸਟਾਫ ਸਾਰਜੈਂਟ ਮੇਜਰ ਦੀਪਕ ਪ੍ਰਸਾਦ ਨੇ ਕਿਹਾ ਕਿ ਦੋ ਵਾਹਨ ਫਾਲਮਾਊਥ ਦੇ ਨੇੜੇ ਪੂਰਬ ਵੱਲ ਜਾ ਰਹੇ ਸਨ ਕਿ ਹਾਈਵੇਅ ਦੇ ਐਗਜ਼ਿਟ 7 ਅਤੇ 8 ਦੇ ਵਿਚਕਾਰ ਇੱਕ ਜੁੜਵੇਂ ਹਿੱਸੇ 'ਤੇ 11:12 ਵਜੇ ਦੇ ਕਰੀਬ ਟਕਰਾ ਗਏ। ਪ੍ਰਸਾਦ ਨੇ ਕਿਹਾ ਕਿ ਹੌਂਡਾ ਸਿਵਿਕ ਵਿੱਚ ਸਵਾਰ ਦੋ ਲੋਕਾਂ 43 ਸਾਲਾ ਵਿਅਕਤੀ ਅਤੇ ਇੱਕ 45 ਸਾਲਾ ਔਰਤ, ਦੀ ਮੌਤ ਹੋ ਗਈ। ਦੂਜੇ ਪਾਸੇ ਨਿਸਾਨ ਸੈਂਟਰਾ ਕਾਰ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ।
ਆਕਸਫੋਰਡ, ਐੱਨ.ਐਸ. ਦੀ ਇੱਕ 45 ਸਾਲਾ ਔਰਤ ਤੇ ਨੱਪਨ ਦੇ ਇੱਕ 58 ਸਾਲਾ ਵਿਅਕਤੀ ਨੂੰ ਮੌਕੇ 'ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਆਕਸਫੋਰਡ ਤੋਂ ਇੱਕ 50 ਸਾਲਾ ਪੁਰਸ਼ ਯਾਤਰੀ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪ੍ਰਸਾਦ ਨੇ ਦੱਸਿਆ ਕਿ ਬੀ.ਸੀ. ਤੋਂ ਇੱਕ 29 ਸਾਲਾ ਪੁਰਸ਼ ਯਾਤਰੀ ਨੂੰ ਹਵਾਈ ਜਹਾਜ਼ ਰਾਹੀਂ ਹਸਪਤਾਲ ਲਿਜਾਇਆ ਗਿਆ ਅਤੇ ਉਸਦੀ ਹਾਲਤ ਗੰਭੀਰ ਹੈ।
ਵੈਸਟ ਹੈਂਟਸ ਰੀਜਨਲ ਮਿਉਂਸਪੈਲਿਟੀ ਦੇ ਮੇਅਰ ਅਬ੍ਰਾਹਮ ਜ਼ੇਬੀਅਨ ਨੇ ਕਿਹਾ ਕਿ ਉਨ੍ਹਾਂ ਨੂੰ ਸਾਇਰਨ ਸੁਣਨ ਤੋਂ ਬਾਅਦ ਹਾਦਸੇ ਬਾਰੇ ਪਤਾ ਲੱਗਾ।ਇਹ ਸਪੱਸ਼ਟ ਨਹੀਂ ਹੈ ਕਿ ਹਾਦਸਾ ਕਿਸ ਕਾਰਨ ਹੋਇਆ। ਪੁਲਿਸ ਉਨ੍ਹਾਂ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੀ ਹੈ, ਜਿਨ੍ਹਾਂ ਕੋਲ ਕੋਈ ਡੈਸ਼ ਕੈਮ ਵੀਡੀਓ ਹੈ। ਜਾਣਕਾਰੀ ਦੇਣ ਲਈ ਵੈਸਟ ਹੈਂਟਸ ਆਰਸੀਐਮਪੀ ਡਿਟੈਚਮੈਂਟ ਨਾਲ 902-798-2207 'ਤੇ ਸੰਪਰਕ ਕੀਤਾ ਜਾ ਸਕਦਾ ਹੈ।