-ਕੈਲੇਡਨ ਚੋਣ ਹਲਕੇ ਵਿਚ ਨਵੀਂ ਟੀਮ ਦਾ ਕੀਤਾ ਗਿਆ ਗਠਨ, ਗਿਆਰਾਂ-ਮੈਂਬਰੀ ਸਲੇਟ ਵਿਚ ਜਿੱਤੇ ਤਿੰਨ ਪੰਜਾਬੀ
ਕੈਲੇਡਨ, (ਡਾ. ਝੰਡ) ਲੰਘੇ ਬੁੱਧਵਾਰ ਡਫ਼ਰਨ-ਕੈਲੇਡਨ ਚੋਣ ਹਲਕੇ ਵਿਚ ਲੋਕਾਂ ਵੱਲੋਂ ਬੜੇ ਉਤਸ਼ਾਹ ਅਤੇ ਉਮਾਹ ਨਾਲ ਨਵੀਂ ਟੀਮ ਦੀ ਚੋਣ ਕੀਤੀ ਗਈ। ਪਿਛਲੇ ਲੰਮੇਂ ਸਮੇਂ ਤੋਂ ਇਸ ਹਲਕੇ ਵਿਚ ਪੀ.ਸੀ. ਪਾਰਟੀ ਦਾ ਪੂਰਾ ਗ਼ਲਬਾ ਰਿਹਾ ਹੈ ਅਤੇ ਹੁਣ ਲਿਬਰਲ ਪਾਰਟੀ ਨੇ ਇੱਥੇ ਆਪਣੇ ਪੈਰ ਜਮਾਏ ਹਨ। ਇਹ ‘ਕ੍ਰਿਸ਼ਮਾ’ ਇੱਥੇ ਕੈਲੇਡਨ ਵਿਚ ਪੰਜਾਬੀ ਵਸੋਂ ਦੇ ਵੱਧਣ ਦੇ ਕਾਰਨ ਹੋਇਆ ਲੱਗਦਾ ਹੈ, ਕਿਉਂਕਿ ਪਿਛਲੇ ਸਾਲਾਂ ਵਿਚ ਪੰਜਾਬੀ ਕਮਿਊਨਿਟੀ ਦਾ ਝੁਕਾਅ ਵਧੇਰੇ ਕਰਕੇ ਲਿਬਰਲ ਪਾਰਟੀ ਵੱਲ ਹੀ ਰਿਹਾ ਹੈ। ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਪੰਜਾਬੀ ਕਮਿਊਨਿਟੀ ਲਿਬਰਲ ਪਾਰਟੀ ਦੀਆਂ ਨੀਤੀਆਂ ਨੂੰ ਬੇਹਤਰ ਸਮਝਦੀ ਹੈ।
ਇਸ ਵਾਰ ਚੋਣ ਵਿਚ ਪੰਜਾਬੀਆਂ ਨੇ ਸਲੇਟ ਦੀ ਚੋਣ ਵਿਚ ਬੜੀ ਸਰਗ਼ਰਮੀ ਨਾਲ ਹਿੱਸਾ ਲਿਆ ਅਤੇ ਸੀਨੀਅਰਜ਼ ਕਲੱਬਾਂ ਨੇ ਵਿਸ਼ੇਸ਼ ਕਰਕੇ ਇਸ ਚੋਣ-ਪ੍ਰਕਿਰਿਆ ਵਿਚ ਆਪਣੀ ਭਰਵੀਂ ਹਾਜ਼ਰੀ ਲਵਾਈ। ਬੁੱਧਵਾਰ ਨੂੰ ਹੋਈ ਚੋਣ ਵਿਚ ਚੇਅਰਪਰਨ ਦਮਿਤਰੋ ਬਾਸਮਤ ਦੀ ਸਲੇਟ ਵੱਡੇ ਬਹੁਮੱਤ ਨਾਲ ਕਾਮਯਾਬ ਹੋਈ। ਇੱਥੇ ਇਹ ਜਿ਼ਕਰਯੋਗ ਹੈ ਕਿ ਗਿਆਰਾਂ ਮੈਂਬਰੀ ਸਲੇਟ ਵਿਚ ਤਿੰਨ ਪੰਜਾਬੀ ਚੁਣੇ ਗਏ ਹਨ ਜਿਨ੍ਹਾਂ ਵਿਚ ਰਵਿੰਦਰ ਜੋਗਾ, ਹੁਨਰ ਕਾਹਲੋਂ ਅਤੇ ਇਕ ਨੌਜੁਆਨ ਬੀਬੀ ਕੇਰਨ ਡਡਵਾਲ ਸ਼ਾਮਲ ਹਨ। ਨਵੀਂ ਟੀਮ ਨੇ ਕੈਲਾਡਨ ਤੇ ਡਫ਼ਰਨ ਵਾਸੀਆਂ ਨੂੰ ਇਸ ਹਲਕੇ ਦੀ ਬੇਹਤਰੀ ਲਈ ਸਥਾਨਕ ਮੁੱਦੇ ਉਭਾਰਨ ਅਤੇ ਉਨ੍ਹਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ ਹੈ।