ਟੋਰਾਂਟੋ, 3 ਅਕਤੂਬਰ (ਪੋਸਟ ਬਿਊਰੋ) : ਟੋਰਾਂਟੋ ਏਰੀਆ ਵਿੱਚੋਂ ਚੋਰੀ ਕੀਤੀਆਂ ਗਈਆਂ 25 ਗੱਡੀਆਂ ਪੁਲਿਸ ਨੇ ਰਿਕਵਰ ਕਰ ਲਈਆਂ ਹਨ। ਗੱਡੀਆਂ ਚੋਰੀ ਕਰਨ ਦੇ ਮਾਮਲੇ ਦੀ ਜਾਂਚ ਮਗਰੋਂ ਕਿਊਬਿਕ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਤੇ ਚਾਰਜ ਕੀਤਾ ਗਿਆ।
ਮੰਗਲਵਾਰ ਨੂੰ ਜਾਰੀ ਰਲੀਜ਼ ਵਿੱਚ ਹਾਲਟਨ ਪੁਲਿਸ ਨੇ ਆਖਿਆ ਕਿ ਸਤੰਬਰ ਦੇ ਸ਼ੁਰੂ ਵਿੱਚ ਪੁਲਿਸ ਅਧਿਕਾਰੀਆਂ ਨੇ ਇੱਕ ਮਸ਼ਕੂਕ ਦੀ ਸ਼ਨਾਖ਼ਤ ਕੀਤੀ ਜਿਸ ਉਤੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਕਈ ਗੱਡੀਆਂ ਚੋਰੀ ਕਰਨ ਦਾ ਸ਼ੱਕ ਸੀ। ਸਰਚ ਵਾਰੰਟ ਕਢਵਾ ਕੇ ਜਦੋਂ ਪੁਲਿਸ ਨੇ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਦੋ ਪਤਿਆਂ ਉੱਤੇ ਚੋਰੀ ਦੀਆਂ ਕਈ ਗੱਡੀਆਂ ਮਿਲੀਆਂ। ਇਨ੍ਹਾਂ ਵਿੱਚੋਂ ਇੱਕ ਆਰੇਂਜਵਿੱਲ ਦੀ ਕਮਰਸ਼ੀਅਲ ਪ੍ਰਾਪਰਟੀ ਸੀ ਤੇ ਦੂਜਾ ਟੋਰਾਂਟੋ ਵਿੱਚ ਇੰਡਸਟਰੀਅਲ ਗੋਦਾਮ ਸੀ।
21 ਸਤੰਬਰ ਨੂੰ ਪੁਲਿਸ ਅਧਿਕਾਰੀਆਂ ਨੇ ਓਕਵਿੱਲ ਵਿੱਚ ਇੱਕ ਰਿਹਾਇਸ਼ੀ ਪ੍ਰਾਪਰਟੀ ਦਾ ਤੀਜਾ ਸਰਚ ਵਾਰੰਟ ਕਢਵਾਇਆ, ਜਿੱਥੋਂ ਉਨ੍ਹਾਂ ਨੂੰ ਦੋ ਮਸ਼ਕੂਕ ਮਿਲੇ। ਪੁਲਿਸ ਨੇ ਦੋ ਹੋਰਨਾਂ ਮਸ਼ਕੂਕਾਂ ਦੇ ਗ੍ਰਿਫਤਾਰੀ ਲਈ ਵੀ ਵਾਰੰਟ ਜਾਰੀ ਕੀਤੇ ਹਨ। ਚੋਰੀ ਦੇ ਕਈ ਮਾਮਲਿਆਂ ਵਿੱਚ ਕਿਊਬਿਕ ਦੇ 20 ਸਾਲਾ ਅਲੀ ਕਿਰਿਸਿਕਗੋਲੂ ਤੇ ਕਿਊਬਿਕ ਦੇ ਹੀ 26 ਸਾਲਾ ਨਿਕਲਸ ਸਂੇਟ-ਜੀਨ-ਲੈਮਥ ਨੂੰ ਗ੍ਰਿਫਤਾਰ ਤੇ ਚਾਰਜ ਕੀਤਾ ਗਿਆ ਹੈ।ਜਾਂਚ ਦੌਰਾਨ ਪੁਲਿਸ ਨੂੰ ਚੋਰੀ ਦੀਆਂ ਕੁੱਲ 25 ਗੱਡੀਆਂ ਮਿਲੀਆਂ।