ਓਨਟਾਰੀਓ, 3 ਅਕਤੂਬਰ (ਪੋਸਟ ਬਿਊਰੋ) : ਪੀਅਰਸਨ ਏਅਰਪੋਰਟ ਦੇ ਨੇੜੇ ਹੋਏ ਇੱਕ ਗੰਭੀਰ ਹਾਦਸੇ ਵਿੱਚ ਮੰਗਲਵਾਰ ਸਵੇਰੇ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਹਾਈਵੇਅ 401 ਦੇ ਹਾਦਸੇ ਵਾਲੇ ਹਿੱਸੇ ਨੂੰ ਬੰਦ ਕਰ ਦਿੱਤਾ ਗਿਆ।
ਹਾਈਵੇਅ 427 ਦੇ ਪੱਛਮ ਵੱਲ ਹਾਈਵੇਅ ਦੀਆਂ ਪੱਛਮ ਵੱਲ ਜਾਂਦੀਆਂ ਕੋਲੈਕਟਰ ਲੇਨਜ਼ ਉੱਤੇ ਦੋ ਗੱਡੀਆਂ ਵਿਚਾਲੇ ਇਹ ਹਾਦਸਾ ਹੋਇਆ। ਇੱਕ ਵਿਅਕਤੀ ਨੂੰ ਬਿਨਾਂ ਸਾਹ ਸਤ ਦੇ ਹਸਪਤਾਲ ਲਿਜਾਇਆ ਗਿਆ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (ਓਪੀਪੀ) ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਟੋਰਾਂਟੋ ਦੇ 64 ਸਾਲਾ ਵਿਅਕਤੀ ਨੂੰ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ।
ਪੁਲਿਸ ਨੇ ਦੱਸਿਆ ਕਿ ਇਸ ਹਾਦਸੇ ਲਈ ਮੈਡੀਕਲ ਸਮੱਸਿਆ ਜਿ਼ੰਮੇਵਾਰ ਹੋ ਸਕਦੀ ਹੈ। ਕਿਸੇ ਹੋਰ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ। ਮਾਮਲੇ ਦੀ ਜਾਂਚ ਲਈ ਲੇਨਜ਼ ਨੂੰ ਬੰਦ ਰੱਖਿਆ ਗਿਆ ਹੈ।