ਹੈਮਿਲਟਨ, 2 ਅਕਤੂਬਰ (ਪੋਸਟ ਬਿਊਰੋ) : ਹੈਮਿਲਟਨ ਦੀ ਪੁਲਿਸ ਵੱਲੋਂ ਬੱਚੇ ਨੂੰ ਅਗਵਾ ਕਰਨ ਦੀ ਕੋਸਿ਼ਸ਼ ਕਰਨ ਵਾਲੀ ਮਹਿਲਾ ਨੂੰ ਚਾਰਜ ਕੀਤਾ ਗਿਆ ਹੈ। ਇਸ ਮਹਿਲਾ ਵੱਲੋਂ ਉਸ ਸਮੇਂ ਚਾਰ ਸਾਲਾ ਲੜਕੇ ਨੂੰ ਅਗਵਾ ਕਰਨ ਦੀ ਕੋਸਿ਼ਸ਼ ਕੀਤੀ ਗਈ ਜਦੋਂ ਉਹ ਕਥਿਤ ਤੌਰ ਉੱਤੇ ਆਪਣੀ ਮਾਂ ਨਾਲ ਸੀ।
ਪੁਲਿਸ ਅਧਿਕਾਰੀਆਂ ਨੂੰ ਪਹਿਲੀ ਅਕਤੂਬਰ ਨੂੰ ਸ਼ਾਮੀਂ 7:00 ਵਜੇ ਤੋਂ ਪਹਿਲਾਂ ਜੈਕਸਨ ਸਟਰੀਟ ਵੈਸਟ ਤੇ ਮੈਕਨੈਬ ਸਟਰੀਟ ਸਾਊਥ ਉੱਤੇ ਸੱਦਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਸਮੇਂ ਚਾਰ ਸਾਲਾ ਲੜਕਾ ਆਪਣੀ ਮਾਂ ਕੋਲ ਸੀ, ਇਸ ਮਹਿਲਾ ਨੇ ਉਸ ਕੋਲ ਜਾ ਕੇ ਉਸ ਨੂੰ ਭਰਮਾਉਣ ਦੀ ਕੋਸਿ਼ਸ਼ ਕੀਤੀ। ਇਸ ਮਹਿਲਾ ਨੇ ਪਹਿਲਾਂ ਬੱਚੇ ਨੂੰ ਜੱਫੀ ਪਾਈ ਤੇ ਫਿਰ ਉਸ ਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਤੁਰਦੀ ਬਣੀ।
ਪੁਲਿਸ ਨੇ ਦੱਸਿਆ ਕਿ ਜਦੋਂ ਲੜਕੇ ਦੀ ਮਾਂ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਬੱਚੇ ਨੂੰ ਜ਼ਮੀਨ ਉੱਤੇ ਉਤਾਰ ਦਿੱਤਾ ਤੇ ਉਹ ਥਾਂ ਛੱਡ ਕੇ ਚਲੀ ਗਈ। ਮਸ਼ਕੂਕ ਨੂੰ ਥੋੜ੍ਹੀ ਦੇਰ ਬਾਅਦ ਹੀ ਗ੍ਰਿਫਤਾਰ ਕਰ ਲਿਆ ਗਿਆ। ਬੱਚੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਅਧਿਕਾਰੀਆਂ ਨੇ ਪਾਇਆ ਕਿ ਬੱਚੇ ਦੀ ਮਾਂ ਤੇ ਬੱਚਾ ਉਸ ਮਸ਼ਕੂਕ ਮਹਿਲਾ ਨੂੰ ਨਹੀਂ ਸਨ ਜਾਣਦੇ। ਮਹਿਲਾ ਦੀ ਪਛਾਣ 37 ਸਾਲਾ ਸਮਿਥੀ ਮਾਨਸੈਰੇ ਵਜੋਂ ਹੋਈ ਹੈ ਤੇ ਉਹ ਹੈਮਿਲਟਨ ਦੀ ਰਹਿਣ ਵਾਲੀ ਹੈ।
ਉਸ ਉੱਤੇ 14 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਅਗਵਾ ਕਰਨ ਦੇ ਚਾਰਜਿਜ਼ ਲਾਏ ਗਏ ਹਨ।ਪੁਲਿਸ ਦੇ ਬੁਲਾਰੇ ਨੇ ਆਖਿਆ ਕਿ ਮਹਿਲਾ ਦੀ ਤਸਵੀਰ ਵੀ ਜਨਤਕ ਕਰ ਦਿੱਤੀ ਗਈ ਹੈ ਤਾਂ ਕਿ ਭਵਿੱਖ ਵਿੱਚ ਇਸ ਮਹਿਲਾ ਤੋਂ ਸਾਰੇ ਸਾਵਧਾਨ ਰਹਿਣ।