ਦਰਹਾਮ, 2 ਅਕਤੂੁਬਰ (ਪੋਸਟ ਬਿਊਰੋ) : ਪੁਲਿਸ ਅਜਿਹੇ ਵਿਅਕਤੀ ਦੀ ਭਾਲ ਕਰ ਰਹੀ ਹੈ ਜਿਹੜਾ ਚਾਕੂ ਲੈ ਕੇ ਦਰਹਾਮ ਰੀਜਨ ਵਿੱਚ ਇੱਕ ਬਜ਼ੁਰਗ ਮਹਿਲਾ ਦੇ ਘਰ ਦਾਖਲ ਹੋਇਆ ਤੇ ਉਸ ਦੀ ਕਾਰ ਚੋਰੀ ਕਰਕੇ ਫਰਾਰ ਹੋ ਗਿਆ।
ਜਬਰੀਂ ਘਰ ਵਿੱਚ ਦਾਖਲ ਹੋਣ ਦੀਆਂ ਖਬਰਾਂ ਮਿਲਣ ਉਪਰੰਤ ਸੋਮਵਾਰ ਨੂੰ ਤੜ੍ਹਕੇ 2:45 ਉੱਤੇ ਦਰਹਾਮ ਪੁਲਿਸ ਦੇ ਅਧਿਕਾਰੀ ਬੀਵਰਟਨ ਵਿੱਚ ਚਰਚ ਤੇ ਓਸਬਰਨ ਸਟਰੀਟਸ ਨੇੜੇ ਸਥਿਤ ਘਰ ਵਿੱਚ ਪਹੁੰਚੇ। ਪ੍ਰਾਪਤ ਜਾਣਕਾਰੀ ਅਨੁਸਾਰ ਬਜ਼ੁਰਗ ਮਹਿਲਾ ਦੀ ਅੱਖ ਖੁੱਲ੍ਹ ਗਈ ਤੇ ਉਸ ਨੇ ਆਪਣੇ ਘਰ ਵਿੱਚ ਚਾਕੂ ਲੈ ਕੇ ਦਾਖਲ ਹੋਏ ਵਿਅਕਤੀ ਨੂੰ ਵੇਖਿਆ। ਪੁਲਿਸ ਨੇ ਦੱਸਿਆ ਕਿ ਮਸ਼ਕੂਕ ਨੇ ਮਹਿਲਾ ਦੇ ਘਰ ਤੋਂ ਵੀ ਕੁੱਝ ਵਸਤਾਂ ਚੋਰੀ ਕੀਤੀਆਂ ਤੇ ਉਸ ਦੀ ਕਾਰ ਲੈ ਕੇ ਫਰਾਰ ਹੋ ਗਿਆ।
ਬਜੁ਼ਰਗ ਮਹਿਲਾ ਨੂੰ ਇਸ ਮਸ਼ਕੂਕ ਵੱਲੋਂ ਕੋਈ ਸੱਟ-ਫੇਟ ਨਹੀਂ ਮਾਰੀ ਗਈ। ਚੋਰੀ ਕੀਤੀ ਗੱਡੀ 2006 ਮਾਡਲ ਦੀ ਹਰੇ ਰੰਗ ਦੀ ਪੌਨਟੀਐਕ ਟੋਰੈਂਟ ਹੈ ਜਿਸ ਉੱਤੇ ਓਨਟਾਰੀਓ ਦੀ ਲਾਇਸੰਸ ਪਲੇਟ ਸੀਆਰਪੀਬੀ 471 ਲੱਗੀ ਹੋਈ ਹੈ।ਪੁਲਿਸ ਵੱਲੋਂ ਮਸ਼ਕੂਕ ਸਬੰਧੀ ਜਾਰੀ ਕੀਤੇ ਗਏ ਵੇਰਵੇ ਅਨੁਸਾਰ ਉਸ ਦੀ ਉਮਰ 20 ਤੋਂ 30 ਸਾਲ ਦਰਮਿਆਨ ਹੋਵੇਗੀ, ਉਹ ਲੰਮਾਂ ਵਿਅਕਤੀ ਸੀ ਜਿਸਦੀ ਨਿੱਕੀ ਜਿਹੀ ਮੁੱਛ ਸੀ। ਉਸ ਨੂੰ ਆਖਰੀ ਵਾਰੀ ਕਾਲੇ ਰੰਗ ਦੀ ਹੁਡੀ ਤੇ ਕਾਲੀ ਪੈਂਟ ਪਾਇਆਂ ਵੇਖਿਆ ਗਿਆ। ਇਸ ਸਬੰਧ ਵਿੱਚ ਜਾਣਕਾਰੀ ਰੱਖਣ ਵਾਲੇ ਨੂੰ ਪੁਲਿਸ ਨਾਲ ਸੰਪਰਕ ਕਰਨ ਲਈ ਆਖਿਆ ਗਿਆ ਹੈ।