ਓਨਟਾਰੀਓ, 28 ਸਤੰਬਰ (ਪੋਸਟ ਬਿਊਰੋ) : ਓਨਟਾਰੀਓ ਲਿਬਰਲ ਲੀਡਰਸਿ਼ਪ ਦਾ ਮੁਕਾਬਲਾ ਹੁਣ ਸਿਰਫ ਚਾਰ ਉਮੀਦਵਾਰਾਂ ਵਿੱਚ ਹੀ ਰਹਿ ਗਿਆ ਹੈ।
ਵੀਰਵਾਰ ਰਾਤ ਨੂੰ ਆਦਿਲ ਸ਼ਾਮਜੀ ਨੇ ਇਸ ਦੌੜ ਵਿੱਚੋਂ ਪਾਸੇ ਹੋਣ ਦਾ ਐਲਾਨ ਕੀਤਾ ਤੇ ਆਖਿਆ ਕਿ ਉਹ ਆਪਣਾ ਸਮਰਥਨ ਬੌਨੀ ਕ੍ਰੌਂਬੀ ਨੂੰ ਦੇਣਗੇ। ਸ਼ਾਮਜੀ, ਜੋ ਕਿ ਡੌਨ ਵੈਲੀ ਈਸਟ ਤੋਂ ਐਮਪੀਪੀ ਹਨ, ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਉਨ੍ਹਾਂ ਨੂੰ ਇਹ ਅਹਿਸਾਸ ਹੋਇਆ ਕਿ ਉਹ ਜਿੱਤ ਨਹੀਂ ਸਕਣਗੇ, ਇਸੇ ਲਈ ਉਨ੍ਹਾਂ ਇਸ ਦੌੜ ਵਿੱਚੋਂ ਪਾਸੇ ਹੋਣ ਦਾ ਤੇ ਮਿਸੀਸਾਗਾ ਦੀ ਮੇਅਰ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ।
ਉਨ੍ਹਾਂ ਆਖਿਆ ਕਿ ਉਹ ਵੱਖਰੇ ਢੰਗ ਨਾਲ ਆਪਣੀ ਕੈਂਪੇਨ ਜਾਰੀ ਰੱਖਣਗੇ। ਉਹ ਹੈਲਥਕੇਅਰ, ਹਾਊਸਿੰਗ, ਐਜੂਕੇਸ਼ਨ ਤੇ ਐਨਵਾਇਰਮੈਂਟ ਲਈ ਲੜਨਾ ਜਾਰੀ ਰੱਖਣਗੇ ਤੇ ਇਹ ਸਾਰਾ ਕੁੱਝ ਕ੍ਰੌਂਬੀ ਤੇ ਉਨ੍ਹਾਂ ਦੀ ਟੀਮ ਨਾਲ ਰਲ ਕੇ ਹੋਵੇਗਾ। ਸ਼ਾਮਜੀ ਨੇ ਆਖਿਆ ਕਿ ਕ੍ਰੌਂਬੀ ਕੋਲ ਕਾਫੀ ਤਜਰਬਾ ਹੈ ਤੇ ਓਨਟਾਰੀਓ ਵਾਸੀਆਂ ਵਿੱਚ ਭਰੋਸਾ ਪੈਦਾ ਕਰਨ ਦੀ ਵੀ ਸਮਰੱਥਾ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਕ੍ਰੌਂਬੀ ਨੇ ਐਲਾਨ ਕੀਤਾ ਸੀ ਕਿ ਉਹ ਆਪਣੀਆਂ ਮਿਊਂਸਪਲ ਡਿਊਟੀਜ਼ ਤ’ਂ ਬਿਨਾਂ ਤਨਖਾਹ ਛੁੱਟੀ ਲੈ ਰਹੀ ਹੈ ਤੇ ਅਜਿਹਾ ਲਿਬਰਲ ਲੀਡਰ ਦੀ ਦੌੜ ਉੱਤੇ ਧਿਆਨ ਕੇਂਦਰਿਤ ਕਰਨ ਲਈ ਕੀਤਾ ਜਾ ਰਿਹਾ ਹੈ।