ਟੋਰਾਂਟੋ, 27 ਸਤੰਬਰ (ਪੋਸਟ ਬਿਊਰੋ) : ਟੀਟੀਸੀ ਸਬਵੇਅ ਸਟੇਸ਼ਨ ਉੱਤੇ ਹੋਏ ਝਗੜੇ ਤੋਂ ਬਾਅਦ ਵਾਪਰੀ ਛੁਰੇਬਾਜ਼ੀ ਦੀ ਘਟਨਾ ਮਗਰੋਂ ਪੁਲਿਸ ਵੱਲੋਂ ਤਿੰਨ ਲੜਕੀਆਂ ਦੀ ਭਾਲ ਕੀਤੀ ਜਾ ਰਹੀ ਹੈ।
20 ਸਤੰਬਰ ਨੂੰ ਰਾਤੀਂ 10:30 ਵਜੇ ਦੇ ਨੇੜੇ ਤੇੜੇ ਯੰਗ ਡੰਡਾਸ ਸਕੁਏਅਰ ਉੱਤੇ ਡੰਡਾਸ ਸਟੇਸ਼ਨ ਉੱਤੇ ਵਾਪਰੀ ਇਸ ਘਟਨਾ ਤੋਂ ਬਾਅਦ ਟੋਰਾਂਟੋ ਪੁਲਿਸ ਨੂੰ ਸੱਦਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਜ਼ਖ਼ਮੀ ਹੋਇਆ ਵਿਅਕਤੀ ਤੇ ਉਸ ਦਾ ਦੋਸਤ ਐਸਕੇਲੇਟਰ ਰਾਹੀਂ ਹੇਠਾਂ ਜਾ ਰਹੇ ਸਨ ਤੇ ਤਿੰਨੇ ਮਸ਼ਕੂਕ ਲੜਕੀਆਂ ਉਨ੍ਹਾਂ ਦੇ ਪਿੱਛੇ ਹੀ ਐਸਕੇਲੇਟਰ ਉੱਤੇ ਹੇਠਾਂ ਉਤਰ ਰਹੀਆਂ ਸਨ।
ਪੁਲਿਸ ਨੇ ਦੱਸਿਆ ਕਿ ਇਨ੍ਹਾਂ ਵਿਚਾਲੇ ਕਿਸੇ ਗੱਲ ਉੱਤੇ ਬਹਿਸ ਹੋ ਗਈ ਤੇ ਇੱਕ ਮਸ਼ਕੂਕ ਵੱਲੋਂ ਇੱਕ ਵਿਅਕਤੀ ਉੱਤੇ ਹਮਲਾ ਕਰ ਦਿੱਤਾ ਗਿਆ। ਮਸ਼ਕੂਕ ਨੇ ਪਿਛਲੇ ਪਾਸਿਓਂ ਹੀ ਇੱਕ ਵਿਅਕਤੀ ਉੱਤੇ ਚਾਕੂ ਨਾਲ ਵਾਰ ਕਰ ਦਿੱਤਾ। ਫਿਰ ਮਸ਼ਕੂਕ ਲੜਕੀਆਂ ਸਬਵੇਅ ਸਟੇਸ਼ਨ ਤੋਂ ਫਰਾਰ ਹੋ ਗਈਆਂ। ਜਿਸ ਵਿਅਕਤੀ ਉੱਤੇ ਚਾਕੂ ਨਾਲ ਵਾਰ ਕੀਤਾ ਗਿਆ ਉਹ ਮਾਮੂਲੀ ਜ਼ਖ਼ਮੀ ਹੋਇਆ। ਟੋਰਾਂਟੋ ਪੁਲਿਸ ਵੱਲੋਂ ਤਿੰਨਾਂ ਲੜਕੀਆਂ ਦਾ ਵੇਰਵਾ ਜਾਰੀ ਕੀਤਾ ਗਿਆ ਹੈ।
ਪਹਿਲੀ ਮਸ਼ਕੂਕ 15 ਤੋਂ 20 ਸਾਲਾਂ ਦਰਮਿਆਨ ਹੈ, ਉਸ ਦਾ ਰੰਗ ਗੋਰਾ, ਕੱਦ ਕਾਠੀ ਪਤਲੀ ਤੇ ਲੰਮੇਂ ਕਾਲੇ ਘੁੰਗਰਾਲੇ ਵਾਲ ਹਨ, ਉਸ ਦਾ ਕੰਪਲੈਕਸ਼ਨ ਪੀਲਾ ਹੈ, ਉਸ ਨੂੰ ਆਖਰੀ ਵਾਰੀ ਲੰਮੀਆਂ ਬਾਹਾਂ ਵਾਲੀ ਕਰੌਪ ਟੌਪ,ਕਾਲੀਆਂ ਸਾਈਕਲਿੰਗ ਸ਼ੌਰਟਸ, ਚਿੱਟੇ ਸੂ਼ਜ਼ ਪਾਇਆਂ ਵੇਖਿਆ ਗਿਆ ਤੇ ਉਸ ਕੋਲ ਬੈਕਪੈਕ ਵੀ ਸੀ।
ਦੂਜੀ ਮਸ਼ਕੂਕ ਦੀ ਉਮਰ ਵੀ 15 ਤੋਂ 20 ਸਾਲ ਦਰਮਿਆਨ ਦੱਸੀ ਜਾਂਦੀ ਹੈ, ਉਹ ਵੀ ਗੋਰੀ ਨਸਲ ਦੀ, ਪਤਲੀ ਕੱਦ ਕਾਠੀ ਵਾਲੀ ਲੜਕੀ ਸੀ, ਜਿਸ ਦੇ ਵਾਲਾਂ ਦਾ ਰੰਗ ਭੂਰਾ ਸੀ ਤੇ ਉਸ ਨੇ ਪੋਨੀਟੇਲ ਕੀਤੀ ਹੋਈ ਸੀ, ਉਸ ਨੇ ਨਕਲੀ ਝਿੱਮਣੀਆਂ (ਆਈਲੈਸਿ਼ਜ਼) ਲਾਈਆਂ ਹੋਈਆਂ ਸਨ। ਉਸ ਨੇ ਕਾਲੇ ਰੰਗ ਦੀ ਹੁਡੀ, ਹਲਕੇ ਰੰਗ ਦੀਆਂ ਸ਼ੌਰਟਸ, ਕਾਲੇ ਸਨੀਕਰਜ਼ ਤੇ ਨੀਲਾ ਬੈਗ ਲਿਆ ਹੋਇਆ ਸੀ।
ਤੀਜੀ ਮਸ਼ਕੂਕ ਵੀ ਪਹਿਲਾਂ ਵਾਲੀਆਂ ਦੀ ਹਮਉਮਰ ਸੀ ਤੇ ਉਹ ਬਲੈਕ ਨਸਲ ਦੀ ਸੀ, ਉਸ ਦੀ ਕੱਦਕਾਠੀ ਦਰਮਿਆਨੀ, ਲੰਮੇਂ ਕਾਲੇ ਵਾਲ ਸਨ, ਜਿਹੜੇ ਗੁੰਦੇ (ਬੌਕਸ ਬ੍ਰੇਡ) ਹੋਏ ਸਨ,ਉਸ ਨੇ ਵੀ ਨਕਲੀ ਝਿੱਮਣੀਆਂ ਲਾਈਆਂ ਹੋਈਆਂ ਸਨ, ਉਸ ਨੂੰ ਆਖਰੀ ਵਾਰੀ ਸਪੋਰਟਸ ਬ੍ਰਾਅ, ਗ੍ਰੇਅ ਸਵੈੱਟਪੈਂਟਸ ਤੇ ਹੁਡੀ, ਚਿੱਟੇ ਰੰਗ ਦੇ ਸਲਾਈਡਜ਼ ਤੇ ਵੱਡੇ ਸਾਰੇ ਪਰਸ ਨਾਲ ਵੇਖਿਆ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।