-ਸੈਂਡੀ ਗਿੱਲ ਦੇ ਘਰ ਹੋਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ‘ਰੀਵਿਊ- ਮੀਟਿੰਗ’ ਦੌਰਾਨ ਚੱਲਿਆ ਗੀਤ-ਸੰਗੀਤ ਤੇ ਕਵਿਤਾਵਾਂ ਦਾ ਪ੍ਰਵਾਹ
ਬਰੈਂਪਟਨ, (ਡਾ. ਝੰਡ) ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਮਹੀਨੇ ਦੇ ਤੀਸਰੇ ਐਤਵਾਰ ਆਪਣਾ ਮਹੀਨਾਵਾਰ ਸਮਾਗ਼ਮ ਕਰਦੀ ਹੈ ਅਤੇ ਉਸ ਤੋਂ ਅਗਲੇ ਹਫ਼ਤੇ ਇਸ ਦੀ ਕਰਜਕਾਰਨੀ ਦੇ ਮੈਂਬਰ ਇਸ ਸਮਾਗ਼ਮ ਦੀ ਪੜਚੋਲ ਕਰਦੇ ਹਨ। ਸਮਾਗ਼ਮ ਦੌਰਾਨ ਰਹਿ ਗਈਆਂ ਕਮੀਆਂ-ਪੇਸ਼ੀਆਂ ਬਾਰੇ ਡੰੁੂਘਾਈ ਨਾਲ ਵਿਚਾਰ-ਵਟਾਂਦਰਾ ਹੁੰਦਾ ਹੈ ਅਤੇ ਆਉਣ ਵਾਲੇ ਸਮਾਗ਼ਮਾਂ ਵਿਚ ਇਨ੍ਹਾਂ ਨੂੰ ਦੂਰ ਕਰਨ ਦੀ ਕੋਸਿ਼ਸ਼ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਅਗਲੇ ਮਹੀਨੇ ਹੋਣ ਵਾਲੇ ਸਮਾਗ਼ਮ ਦਾ ਏਜੰਡਾ ਵੀ ਤਿਆਰ ਕੀਤਾ ਜਾਂਦਾ ਹੈ।
ਸਭਾ ਦੀ ਕਾਰਜਕਾਰਨੀ ਦੀ ਇਸ ਮਹੀਨੇ ਦੀ ਇਹ ਮੀਟਿੰਗ ‘ਹੋਮ-ਲਾਈਫ਼ ਰਿਆਲਿਟੀ’ ਨਾਲ ਪਿਛਲੇ ਲੰੇਂ ਸਮੇਂ ਤੋਂ ਜੁੜੀ ਹੋਈ ਬਰੈਂਪਟਨ ਦੀ ਉੱਘੀ ਰਿਆਲਟਰ ਸੈਂਡੀ ਗਿੱਲ ਵੱਲੋਂ ਆਪਣੇ ਘਰ ਦੁਪਹਿਰ ਦੇ ਖਾਣੇ ‘ਤੇ ਕਰਨ ਦਾ ਸੱਦਾ ਦਿੱਤਾ ਗਿਆ ਜਿਸ ਨੂੰ ਸਵੀਕਾਰਦਿਆਂ ਹੋਇਆਂ ਕਾਰਜਕਾਰਨੀ ਦੇ ਮੈਂਬਰ ਨਿਸਚਤ ਸਮੇਂ ਬਾਅਦ ਦੁਪਹਿਰ ਇੱਕ ਵਜੇ ਸੈਂਡੀ ਗਿੱਲ ਦੇ ਘਰ ਪਹੁੰਚ ਗਏ। ਮੇਜ਼ਬਾਨ ਸੈਂਡੀ ਗਿੱਲ ਅਤੇ ਉਸ ਦੇ ਪਤੀਦੇਵ ਪਰਿੰਸ ਹੁਰਾਂ ਵੱਲੋਂ ਸਾਰਿਆਂ ਦਾ ਗਰਮਜੋਸ਼ੀ ਨਾਲ ਸੁਆਗ਼ਤ ਕੀਤਾ ਗਿਆ। ਰਸਮੀ ਗੱਲਬਾਤ ਦੌਰਾਨ ਪਾਣੀ/ਜੂਸ ਪੀਂਦਿਆਂ ਆਮ ਦੁਨਿਆਵੀ ਗੱਲਾਂ-ਬਾਤਾਂ ਦਾ ਸਿਲਸਿਲਾ ਚੱਲਦਾ ਰਿਹਾ ਅਤੇ ਫਿਰ ਮੇਜ਼ਬਾਨਾਂ ਦੇ ਸੱਦੇ ‘ਤੇ ਸਾਰੇ ਖਾਣੇ ਦੇ ਮੇਜ਼ਾਂ ਵੱਲ ਚੱਲ ਪਏ। ਵੈੱਜ ਤੇ ਨਾਨ-ਵੈੱਜ ਦੋਹਾਂ ਤਰ੍ਹਾਂ ਦਾ ਖਾਣਾ ਬਹੁਤ ਸੁਆਦਲਾ ਸੀ ਅਤੇ ਸਾਰਿਆਂ ਨੇ ਮਿਲ ਕੇ ਇਸ ਦਾ ਖ਼ੂਬ ਅਨੰਦ ਮਾਣਿਆਂ।
ਖਾਣੇ ਤੋਂ ਵਿਹਲੇ ਹੋ ਕੇ ਸਾਰੇ ਹੇਠਾਂ ਬੇਸਮੈਂਟ ਵਿਚ ਬਣੇ ਹਾਲ ਵਿਚ ਗਏ ਅਤੇ ਉੱਥੇ ਸੋਫਿ਼ਆਂ ‘ਤੇ ਬੈਠ ਕੇ ਸਭਾ ਦੇ ਸਤੰਬਰ ਮਹੀਨੇ ਦੇ ਸਮਾਗ਼ਮ ਦੀ ਪੜਚੋਲ ਦੀ ਕਾਰਵਾਈ ਮਲੂਕ ਸਿੰਘ ਕਾਹਲੋਂ ਵੱਲੋਂ ਚੇਅਰਮੈਨ ਕਰਨ ਅਜਾਇਬ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਆਰੰਭ ਕੀਤੀ ਗਈ। ਸਾਰੇ ਹੀ ਮੈਂਬਰਾਂ ਦਾ ਇੱਕ-ਮੁੱਠ ਵਿਚਾਰ ਸੀ ਕਿ ਮਹਾਨ ਉਰਦੂ ਲੇਖਕ ਰਾਜਿੰਦਰ ਸਿੰਘ ਬੇਦੀ ਨੂੰ ਸਮੱਰਪਿਤ ਇਹ ਸਮਾਗ਼ਮ ਸਭਾ ਦਾ ਅਤੀ ਸਫ਼ਲ ਸਮਾਗ਼ਮ ਸੀ ਜਿਸ ਵਿਚ ਡਾ. ਜਗਮੋਹਨ ਸੰਘਾ ਵੱਲੋਂ ਬੇਦੀ ਸਾਹਿਬ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਉਰਦੂ ਸਾਹਿਤ ਅਤੇ ਹਿੰਦੀ ਫਿ਼ਲਮਾਂ ਵਿਚ ਪਾਏ ਗਏ ਯੋਗਦਾਨ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਸੀ। ‘ਅਧਿਆਪਕ-ਦਿਵਸ’ ਮਨਾਉਣ ਲਈ ਇਸ ਦੇ ਬਾਰੇ ਹਰਜਸਪ੍ਰੀਤ ਗਿੱਲ, ਡਾ. ਸਤਿੰਦਰ ਕਾਹਲੋਂ ਅਤੇ ਹੋਰ ਬੁਲਾਰਿਆਂ ਵੱਲੋਂ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਗਈ। ਅਗਲੇ ਮਹੀਨੇ ਦੇ ਸਮਾਗ਼ਮ ਦੇ ਏਜੰਡੇ ਲਈ ਸਰਬਸੰਮਤੀ ਨਾਲ ਲੇਖਕ ਸੋਹਣ ਸਿੰਘ ਪੂਨੀ ਵੱਲੋਂ ਪਿਛਲੇ ਸਾਲ 2022 ਵਿਚ ਪ੍ਰਕਾਸਿ਼ਤ ਕੀਤੀ ਗਈ ਪੁਸਤਕ ‘ਸਲਾਮ ਬੰਗਾ’ ਬਾਰੇ ਵਿਚਾਰ-ਗੋਸ਼ਟੀ ਕਰਨ ਦਾ ਫ਼ੈਸਲਾ ਹੋਇਆ ਜਿਸ ਦੇ ਬਾਰੇ ਡਾ. ਸੁਖਦੇਵ ਸਿੰਘ ਝੰਡ ਅਤੇ ਡਾ. ਸਤਿੰਦਰ ਕਾਹਲੋਂ ਮੁੱਖ-ਬੁਲਾਰਿਆਂ ਵਜੋਂ ਪੁਸਤਕ ਦੇ ਬਾਰੇ ਆਪਣੇ ਪਰਚੇ ਪੜ੍ਹਨਗੇ ਅਤੇ ਹੋਰ ਵਿਦਵਾਨ ਇਸ ਬਾਰੇ ਵਿਚਾਰ-ਚਰਚਾ ਵਿਚ ਭਾਗ ਲੈਣਗੇ।
ਉਪਰੰਤ, ਸਾਰਿਆਂ ਨੇ ਬੇਸਮੈਂਟ ਵਿਚ ਬਣੇ ਮਿੰਨੀ-ਥੀੲਟਰ ਵਿਚ ਡਾ. ਜਗਮੋਹਨ ਸੰਘਾ ਦੀ ਨਿਰਦੇਸ਼ਨਾ ਹੇਠ ਇਕਬਾਲ ਬਰਾੜ ਦੇ ਗਾਣੇ ‘ਸਾਕੀ’ ਨੂੰ ਮਾਣਿਆਂ ਅਤੇ ਅਗਲੇ ਪ੍ਰੋਗਰਾਮ ਲਈ ਫਿਰ ਦੁਬਾਰਾ ਫਿਰ ਸੋਫਿ਼ਆਂ ‘ਤੇ ਬਿਰਾਜਮਾਨ ਹੋ ਗਏ। ਇਸ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਵਿਚ ਸੱਭ ਤੋਂ ਪਹਿਲਾਂ ਪਰਮਜੀਤ ਢਿੱਲੋਂ ਨੇ ਆਪਣਾ ਗੀਤ ਪੇਸ਼ ਕੀਤਾ ਅਤੇ ਫਿਰ ਇਕਬਾਲ ਬਰਾੜ ਨੇ ਹਾਰਮੋਨੀਅਮ ‘ਤੇ ਵੱਖ-ਵੱਖ ਸੁਰਾਂ ਕੱਢਦਿਆਂ ਹੋਇਆਂ ਕਈ ਗੀਤ ਪੇਸ਼ ਕੀਤੇ ਜਿਨ੍ਹਾਂ ਵਿਚ ਉਰਦੂ ਤੇ ਪੰਜਾਬੀ ਗ਼ਜ਼ਲਾਂ, ਪਾਕਿਸਤਾਨੀ ਗੀਤ, ਪੁਰਾਣੀਆਂ ਹਿੰਦੀ ਫਿ਼ਲਮਾਂ ਦੇ ਗੀਤ ਅਤੇ ‘ਫ਼ੋਕ-ਸੌਂਗ’ ਸ਼ਾਮਲ ਸਨ। ਬਰਾੜ ਸਾਹਿਬ ਨੂੰ ਵਿਚ-ਵਿਚਾਲੇ ਸਾਹ ਦਿਵਾਉਂਦਿਆਂ ਹੋਇਆਂ ਪਰਮਜੀਤ ਗਿੱਲ ਅਤੇ ਪਰਮਜੀਤ ਢਿੱਲੋਂ ਵੱਲੋਂ ਕਈ ਗੀਤ ਸੁਣਾਏ ਗਏ।
ਚੱਲ ਰਹੇ ਇਸ ਪ੍ਰੋਗਰਾਮ ਵਿਚ ਚਾਹ ਦੀਆਂ ਚੁਸਕੀਆਂ ਲੈਂਦਿਆਂ ਹੋਇਆਂ ਸਰੋਤਿਆਂ ਨੇ ਮਕਸੂਦ ਚੌਧਰੀ, ਕਰਨ ਅਜਾਇਬ ਸਿੰਘ ਸੰਘਾ, ਸੈਂਡੀ ਗਿੱਲ ਅਤੇ ਹੋਰਨਾਂ ਵੱਲੋਂ ਸੁਣਾਈਆਂ ਗਈਆਂ ਕਵਿਤਾਵਾਂ ਦਾ ਵੀ ਖ਼ੂਬ ਅਨੰਦ ਮਾਣਿਆਂ। ਅਖ਼ੀਰ ਵਿਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂ ਇਸ ਮਿੰਨੀ-ਸਮਾਗ਼ਮ ਬਾਰੇ ਬੜੇ ਭਾਵਪੂਰਤ ਸ਼ਬਦ ਕਹੇ ਗਏ ਅਤੇ ਮੇਜ਼ਬਾਨ-ਜੋੜੀ ਸੈਂਡੀ ਗਿੱਲ ਤੇ ਪਰਿੰਸ ਦਾ ਇਹ ਖ਼ੂਬਸੂਰਤ ਮੌਕਾ ਪੈਦਾ ਕਰਨ ਲਈ ਧੰਨਵਾਦ ਕੀਤਾ ਗਿਆ। ਇਸ ਦੌਰਾਨ ਤਰਕਸ਼ੀਲ ਸੋਸਾਇਟੀ ਆਫ਼ ਕੈਨੇਡਾ ਦੇ ਜਨਰਲ ਸਕੱਤਰ ਬਲਦੇਵ ਰਹਿਪਾ, ਡਾ. ਜਗਮੋਹਨ ਸਿੰਘ ਸੰਘਾ, ਡਾ. ਸੁਖਦੇਵ ਸਿੰਘ ਝੰਡ, ਪਰਮਿੰਦਰ ਕੌਰ ਲਹਿੰਦੇ ਪੰਜਾਬ ਤੋਂ ਜਨਾਬ ਸਮੀਉਲਾ ਖ਼ਾਨ, ਉਨ੍ਹਾਂ ਦੀ ਬੇਗ਼ਮ ਸਾਹਿਬਾ ਤੇ ਕਈ ਹੋਰ ਸ਼ਾਮਲ ਸਨ। ਮਕਸੂਦ ਚੌਧਰੀ ਤੇ ਸਮੀਉਲਾ ਖ਼ਾਨ ਵੱਲੋਂ ਮੇਜ਼ਬਾਨ ਜੋੜੀ, ਡਾ. ਸਤਿੰਦਰ ਕਾਹਲੋਂ ਅਤੇ ਹਰਜਸਪ੍ਰੀਤ ਗਿੱਲ ਨੂੰ ਸਨਮਾਨਿਤ ਕੀਤਾ ਗਿਆ। ਇਸ ਤਰ੍ਹਾਂ ਸਭਾਂ ਦੇ ਪਿਛਲੇ ਪ੍ਰੋਗਰਾਮ ਦੀ ਪੜਚੋਲ ਕਰਦੀ ਖਾਣੇ ਦੀ ਇਹ ਦਾਅਵਤ ਇਕ ਸ਼ਾਨਦਾਰ ‘ਮਿੰਨੀ ਸਾਹਿਤਕ ਸਮਾਗ਼ਮ’ ਦਾ ਰੂਪ ਧਾਰਨ ਕਰ ਗਈ।