ਓਨਟਾਰੀਓ, 26 ਸਤੰਬਰ (ਪੋਸਟ ਬਿਊਰੋ) : ਕੈਨੇਡਾ ਨੇ 2024 ਵਿੱਚ ਪੈਰਿਸ ਵਿਖੇ ਹੋਣ ਵਾਲੀਆ ਓਲੰਪਿਕ ਖੇਡਾਂ ਲਈ ਆਪਣੀ ਸੀਟ ਪੱਕੀ ਕਰ ਲਈ ਹੈ।
10ਵਾਂ ਦਰਜਾ ਹਾਸਲ ਕੈਨੇਡੀਅਨ ਵੁਮਨਜ਼ ਸੌਕਰ ਟੀਮ ਨੇ 37ਵੇਂ ਨੰਬਰ ਉੱਤੇ ਮੌਜੂਦ ਜਮਾਇਕਾ ਦੀ ਟੀਮ ਨੂੰ 1 ਦੇ ਮੁਕਾਬਲੇ 2 ਗੋਲ ਨਾਲ ਹਰਾ ਕੇ ਇਹ ਮੁਕਾਮ ਹਾਸਲ ਕੀਤਾ। ਕੈਨੇਡਾ ਨੇ ਮੰਗਲਵਾਰ ਨੂੰ ਬੀਐਮਓ ਫੀਲਡ ਉੱਤੇ ਜਮਾਇਕਾ ਨਾਲ ਹੋਏ ਮੈਚ ਨੂੰ ਅਸਾਨੀ ਨਾਲ ਜਿੱਤ ਲਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕਿੰਗਸਟਨ ਸਥਿਤ ਨੈਸ਼ਨਲ ਸਟੇਡੀਅਮ ਵਿੱਚ ਵੀ ਕੈਨੇਡਾ ਦੀ ਟੀਮ ਨੇ ਜਮਾਇਕਾ ਨੂੰ 2-0 ਨਾਲ ਹਰਾਇਆ ਸੀ।
ਓਨਟਾਰੀਓ ਵਿੱਚ 29,212 ਦਰਸ਼ਕਾਂ ਦੀ ਭੀੜ ਸਾਹਮਣੇ ਕਲੋਅ ਲੈਕਾਸੇ ਤੇ ਜੌਰਡਿਨ ਹਿਊਟੇਮਾ ਨੇ ਕੈਨੇਡਾ ਲਈ ਦੋ ਗੋਲ ਕਰਕੇ ਜਿੱਤ ਦਾ ਰਾਹ ਪੱਕਾ ਕੀਤਾ। ਜਮਾਇਕਾ ਵੱਲੋਂ ਇੱਕਲਾ ਗੋਲ ਡ੍ਰਿਊ ਸਪੈਂਸ ਨੇ ਕੀਤਾ। 2022 ਵਿੱਚ ਕੌਨਕਾਕਾਫ ਡਬਲਿਊ ਚੈਂਪੀਅਨਸਿ਼ਪ ਦੇ ਫਾਈਨਲ ਵਿੱਚ ਕੈਨੇਡਾ ਨੂੰ 1-0 ਨਾਲ ਹਰਾ ਕੇ ਅਮਰੀਕਾ ਸਿੱਧੇ ਹੀ ਓਲੰਪਿਕ ਗੇਮਜ਼ ਲਈ ਕੁਆਲੀਫਾਈ ਕਰ ਚੁੱਕਿਆ ਹੈ।