ਦਰਹਾਮ, 25 ਸਤੰਬਰ (ਪੋਸਟ ਬਿਊਰੋ) : ਸੋਮਵਾਰ ਦੁਪਹਿਰ ਨੂੰ ਦਰਹਾਮ ਕਾਲਜ ਦੇ ਵ੍ਹਿਟਬੀ ਕੈਂਪਸ ਵਿੱਚ ਇੱਕ ਵਿਅਕਤੀ ਉੱਤੇ ਚਾਕੂ ਨਾਲ ਕੀਤੇ ਗਏ ਵਾਰ ਤੋਂ ਬਾਅਦ ਲਾਏ ਗਏ ਲਾਕਡਾਊਨ ਨੂੰ ਹਟਾਅ ਲਿਆ ਗਿਆ।
ਸ਼ਾਮੀਂ 5:00 ਵਜੇ ਤੋਂ ਬਾਅਦ ਦਰਹਾਮ ਰੀਜਨਲ ਪੁਲਿਸ ਨੇ ਐਲਾਨ ਕੀਤਾ ਕਿ ਹਾਈਵੇਅ 401 ਤੇ ਥਿੱਕਸਨ ਰੋਡ ਸਾਊਥ ਦੇ ਪੂਰਬ ਵੱਲ ਸਥਿਤ 1690 ਚੈਂਪਲੇਨ ਐਵਨਿਊ ਕੈਂਪਸ ਵਿਖੇ ਲਾਕਡਾਊਨ ਲਾਇਆ ਗਿਆ ਹੈ।30 ਮਿੰਟ ਬਾਅਦ ਹੀ ਪੁਲਿਸ ਨੇ ਇਹ ਲਾਕਡਾਊਨ ਹਟਾਅ ਦਿੱਤਾ। ਇੱਕ ਟਵੀਟ ਵਿੱਚ ਦਰਹਾਮ ਕਾਲਜ ਨੇ ਆਖਿਆ ਕਿ ਕੱਲ੍ਹ ਤੋਂ ਕਲਾਸਾਂ ਆਮ ਸ਼ਡਿਊਲ ਅਨੁਸਾਰ ਹੀ ਸ਼ੁਰੂ ਹੋਣਗੀਆਂ ਪਰ ਸ਼ਾਮ ਦੀਆਂ ਕਲਾਸਾਂ ਰੱਦ ਕੀਤੀਆਂ ਜਾਂਦੀਆਂ ਹਨ।ਇਹ ਵੀ ਆਖਿਆ ਗਿਆ ਕਿ ਕੈਂਪਸ ਕਮਿਊਨਿਟੀ ਨੂੰ ਕੋਈ ਖਤਰਾ ਨਹੀਂ ਹੈ।
ਇਸ ਦੌਰਾਨ ਪੁਲਿਸ ਵੱਲੋਂ ਛੁਰੇਬਾਜ਼ੀ ਦੀ ਸਹੀ ਲੋਕੇਸ਼ਨ ਦੀ ਸ਼ਨਾਖ਼ਤ ਨਹੀਂ ਸੀ ਕੀਤੀ ਜਾ ਸਕੀ। ਉਨ੍ਹਾਂ ਵੱਲੋਂ ਇਹ ਜ਼ਰੂਰ ਆਖਿਆ ਗਿਆ ਕਿ ਛੁਰੇਬਾਜ਼ੀ ਦਾ ਸਿ਼ਕਾਰ ਹੋਏ ਵਿਅਕਤੀ ਦੀ ਹਾਲਤ ਨਾਜੁ਼ਕ ਨਹੀਂ ਹੈ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।