ਸਕਾਰਬਰੋ, 22 ਸਤੰਬਰ (ਪੋਸਟ ਬਿਊਰੋ) : ਸ਼ੁੱਕਰਵਾਰ ਸਵੇਰੇ ਸਕਾਰਬਰੋ ਦੇ ਇੱਕ ਪਲਾਜ਼ਾ ਦੇ ਬਾਰ ਵਿੱਚ ਹੋਈ ਲੜਾਈ ਮਗਰੋਂ ਗੋਲੀ ਚੱਲਣ ਕਾਰਨ ਦੋ ਵਿਅਕਤੀ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਖਬਰ ਮਿਲਣ ਤੋਂ ਬਾਅਦ ਰਾਤੀਂ 1:25 ਦੇ ਨੇੜੇ ਤੇੜੇ ਐਲਸਮੀਅਰ ਰੋਡ ਦੇ ਦੱਖਣ ਵੱਲ ਵਾਕਸਹਾਲ ਡਰਾਈਵ ਨੇੜੇ ਬਰਚਮਾਊਂਟ ਰੋਡ ਉੱਤੇ ਸਥਿਤ ਇੱਕ ਪਲਾਜ਼ਾ ਦੇ ਪਾਰਕਿੰਗ ਲੌਟ ਵਿੱਚ ਪੁਲਿਸ ਪਹੁੰਚੀ।ਪੁਲਿਸ ਨੇ ਦੱਸਿਆ ਕਿ ਬਾਰ ਵਿੱਚ ਦੋ ਵਿਅਕਤੀਆਂ ਦਰਮਿਆਨ ਹੋਈ ਲੜਾਈ ਤੋਂ ਬਾਅਦ ਗੋਲੀ ਲੱਗਣ ਕਾਰਨ ਦੋਵੇਂ ਵਿਅਕਤੀ ਜ਼ਖ਼ਮੀ ਹੋ ਗਏ। ਦੋਵਾਂ ਨੂੰ ਗੰਭੀਰ ਪਰ ਸਥਿਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।
ਇੱਕ ਵਿਅਕਤੀ, ਜਿਸ ਨੂੰ ਗੋਲੀ ਲੱਗੀ ਸੀ, ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਉਸ ਕੋਲੋਂ ਹਥਿਆਰ ਵੀ ਬਰਾਮਦ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਇਲਾਕੇ ਵਿੱਚ ਕੁੱਝ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਿਆ। ਅਜੇ ਤੱਕ ਕਿਸੇ ਹੋਰ ਮਸ਼ਕੂਕ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।