ਓਨਟਾਰੀਂਓ, 21 ਸਤੰਬਰ (ਪੋਸਟ ਬਿਊਰੋ) : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਆਪਣੀ ਸਰਕਾਰ ਦੇ ਵਿਵਾਦਗ੍ਰਸਤ ਪਲੈਨ ਨੂੰ ਪਲਟਾਉ਼ਂਦਿਆਂ ਆਖਿਆ ਕਿ ਡਿਵੈਲਪਮੈਂਟ ਲਈ ਗ੍ਰੀਨਬੈਲਟ ਨੂੰ ਖੋਲ੍ਹਣਾ ਬੱਜਰ ਗਲਤੀ ਸੀ।
ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਫੋਰਡ ਨੇ ਐਲਾਨ ਕੀਤਾ ਕਿ ਉਨ੍ਹਾਂ ਪਹਿਲਾਂ ਆਪ ਹੀ ਓਨਟਾਰੀਓ ਦੇ ਲੋਕਾਂ ਨੂੰ ਗ੍ਰੀਨਬੈਲਟ ਨੂੰ ਨਾ ਖੋਲ੍ਹਣ ਦਾ ਵਾਅਦਾ ਕੀਤਾ ਸੀ ਤੇ ਫਿਰ ਆਪ ਹੀ ਉਹ ਵਾਅਦਾ ਤੋੜ ਦਿੱਤਾ। ਉਨ੍ਹਾਂ ਆਪਣੀ ਇਸ ਗਲਤੀ ਲਈ ਓਨਟਾਰੀਓ ਦੇ ਲੋਕਾਂ ਤੋਂ ਮੁਆਫੀ ਵੀ ਮੰਗੀ। ਫੋਰਡ ਨੇ ਆਖਿਆ ਕਿ ਉਹ ਲੋਕਾਂ ਦਾ ਵਿਸ਼ਵਾਸ ਮੁੜ ਹਾਸਲ ਕਰਨ ਲਈ ਗ੍ਰੀਨਬੈਲਟ ਵਿੱਚ ਕੀਤੀਆਂ ਜਾਣ ਵਾਲੀਆਂ ਤਬਦੀਲੀਆਂ ਨੂੰ ਪਲਟਾਉਣਗੇ ਅਤੇ ਮੁੜ ਸਾਰੀ ਜ਼ਮੀਨ ਨੂੰ ਗ੍ਰੀਨਬੈਲਟ ਪੋ੍ਰਟੈਕਸ਼ਨ ਹੇਠ ਲਿਆਉਣਗੇ।
ਉਨ੍ਹਾਂ ਆਖਿਆ ਕਿ ਜਦੋਂ ਉਹ ਕੋਈ ਗਲਤੀ ਕਰਦੇ ਹਨ ਤਾਂ ਉਸ ਨੂੰ ਠੀਕ ਕਰਨ ਦਾ ਮਾਦਾ ਵੀ ਰੱਖਦੇ ਹਨ ਤੇ ਆਪਣੀਆਂ ਗਲੀਆਂ ਤੋਂ ਸਬਕ ਸਿੱਖ ਕੇ ਉਨ੍ਹਾਂ ਨੂੰ ਸੁਧਾਰਦੇ ਵੀ ਹਨ। ਫੋਰਡ ਦਾ ਇਹ ਫੈਸਲਾ ਉਸ ਸਮੇਂ ਆਇਆ ਜਦੋਂ ਕਈ ਮੰਤਰੀਆਂ ਤੇ ਅਧਿਕਾਰੀਆਂ ਵੱਲੋਂ ਅਸਤੀਫੇ ਦੇ ਦਿੱਤੇ ਗਏ। ਇਨ੍ਹਾਂ ਵਿੱਚ ਡਾਇਰੈਕਟਰ ਆਫ ਹਾਊਸਿੰਗ ਪਾਲਿਸੀ ਜੇਅ ਟਰੂਡੈਲ ਵੀ ਸ਼ਾਮਲ ਸਨ, ਜਿਨ੍ਹਾਂ ਪ੍ਰੀਮੀਅਰ ਦੀ ਪ੍ਰੈੱਸ ਕਾਨਫਰੰਸ ਦੌਰਾਨ ਹੀ ਅਹੁਦਾ ਛੱਡ ਦਿੱਤਾ। ਇਸ ਬਾਰੇ ਭਾਵੇਂ ਕੋਈ ਵੇਰਵੇ ਮੁਹੱਈਆ ਨਹੀਂ ਕਰਵਾਏ ਗਏ ਪਰ ਫੋਰਡ ਨੇ ਇਹ ਜ਼ਰੂਰ ਆਖਿਆ ਹੈ ਕਿ ਉਨ੍ਹਾਂ ਵੱਲੋਂ ਇਹ ਅਸਤੀਫਾ ਮਨਜੂ਼ਰ ਕਰ ਲਿਆ ਗਿਆ ਹੈ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਮਨਿਸਟਰ ਆਫ ਪਬਲਿਕ ਐਂਡ ਬਿਜ਼ਨਸ ਸਰਵਿਸ ਡਲਿਵਰੀ ਆਫ ਓਨਟਾਰੀਓ ਕਲੀਦ ਰਸ਼ੀਦ ਵੱਲੋਂ ਅਸਤੀਫਾ ਦਿੱਤਾ ਗਿਆ। ਉਨ੍ਹਾਂ ਦੇ ਲਾਸ ਵੇਗਸ ਦੇ ਦੌਰੇ ਉੱਤੇ ਕਾਫੀ ਕਿੰਤੂ ਪ੍ਰੰਤੂ ਹੋ ਰਿਹਾ ਸੀ। ਜਿਸ ਤੋਂ ਬਾਅਦ ਉਨ੍ਹਾਂ ਅਸਤੀਫਾ ਹੀ ਦੇ ਦਿੱਤਾ। ਮੀਡੀਆ ਰਿਪੋਰਟਾਂ ਅਨੁਸਾਰ ਗ੍ਰੀਨਬੈਲਟ ਜ਼ਮੀਨ ਤੋਂ ਫਾਇਦਾ ਉਠਾਉਣ ਵਾਲਾ ਡਿਵੈਲਪਰ ਸ਼ਕੀਰ ਰਹਿਮਤੁੱਲ੍ਹਾ ਵੀ ਉਸੇ ਸਮੇਂ ਲਾਸ ਵੇਗਸ ਗਿਆ ਸੀ ਜਦੋਂ ਰਸ਼ੀਦ ਗਏ ਸਨ।
ਇਸ ਮਹੀਨੇ ਦੇ ਸ਼ੁਰੂ ਵਿੱਚ 2018 ਤੋਂ ਓਨਟਾਰੀਓ ਦੇ ਹਾਊਸਿੰਗ ਮੰਤਰੀ ਰਹੇ ਸਟੀਵ ਕਲਾਰਕ ਨੇ ਅਸਤੀਫਾ ਦਿੱਤਾ ਸੀ। ਫੋਰਡ ਵੱਲੋਂ ਆਪਣੀ ਸਰਕਾਰ ਦੀ ਪਹੁੰਚ ਦਾ ਪਹਿਲਾਂ ਪੱਖ ਪੂਰਿਆ ਜਾਂਦਾ ਰਿਹਾ ਪਰ ਹੁਣ ਉਨ੍ਹਾਂ ਨੂੰ ਇਸ ਸਾਰੇ ਪੋ੍ਰਜੈਕਟ ਵਿੱਚ ਗੜਬੜੀ ਹੋਣ ਦਾ ਅਹਿਸਾਸ ਹੋਇਆ ਹੈ ਤੇ ਉਨ੍ਹਾਂ ਵੱਲੋਂ ਫੈਸਲਾ ਪਲਟਾਅ ਦਿੱੱਤਾ ਗਿਆ ਹੈ।