ਓਨਟਾਰੀਓ, 19 ਸਤੰਬਰ (ਪੋਸਟ ਬਿਊਰੋ) : ਮੰਗਲਵਾਰ ਨੂੰ ਕੁਈਨ ਐਲਿਜ਼ਾਬੈੱਥ ਵੇਅ ਉੱਤੇ ਇੱਕ ਟਰਾਂਸਪੋਰਟ ਟਰੱਕ ਵਿੱਚ ਅੱਗ ਲੱਗ ਜਾਣ ਕਾਰਨ ਜਿੱਥੇ ਫਿਊਲ ਲੀਕ ਹੋ ਗਿਆ ਉੱਥੇ ਹੀ ਇਸ ਰਾਹ ਉੱਤੇ ਭਾਰੀ ਜਾਮ ਲੱਗ ਗਿਆ ਤੇ ਡਰਾਈਵਰਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਇਹ ਘਟਨਾ ਬਰਲਿੰਗਟਨ ਸਕਾਇਵੇਅ ਨੇੜੇ ਵਾਪਰੀ।
ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਅਨੁਸਾਰ ਸਵੇਰੇ 10:00 ਵਜੇ ਤੋਂ ਠੀਕ ਬਾਅਦ ਈਸਟਪੋਰਟ ਡਰਾਈਵ ਉੱਤੇ ਕੌਂਕਰੀਟ ਦੀ ਕੰਧ ਨਾਲ ਟਕਰਾਅ ਜਾਣ ਕਾਰਨ ਟਰੈਕਟਰ ਟਰੇਲਰ ਵਿੱਚ ਅੱਗ ਲੱਗ ਗਈ। ਇਸ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ। ਪੁਲਿਸ ਨੇ ਦੱਸਿਆ ਕਿ ਲੀਕ ਹੋ ਰਹੇ ਫਿਊਲ ਕਾਰਨ ਟਰੱਕ ਦੀ ਇਨਸੂਲੇਸ਼ਨ ਨੂੰ ਵੀ ਨੁਕਸਾਨ ਪਹੁੰਚਿਆ ਤੇ ਇਲਾਕੇ ਨੂੰ ਸਾਫ ਕਰਨ ਵਿੱਚ ਹੋਰ ਦਿੱਕਤਾਂ ਆਈਆਂ।
ਓਪੀਪੀ ਸਾਰਜੈਂਟ ਕੈਰੀ ਸ਼ਮਿਡਟ ਨੇ ਦੱਸਿਆ ਕਿ ਟਰੇਲਰ ਵਿੱਚੋਂ ਇੱਕ ਇੱਕ ਟੁਕੜਾ ਕਰਕੇ ਇਨਸੂਲੇਸ਼ਨ ਨੂੰ ਕੱਢਿਆ ਗਿਆ। ਪਾਣੀ ਦਾ ਛਿੜਕਾਅ ਕਰਕੇ ਇਹ ਵੀ ਯਕੀਨੀ ਬਣਾਇਆ ਗਿਆ ਕਿ ਅੱਗ ਮੁੜਕੇ ਨਾ ਭੜਕੇ। ਟਰੈਫਿਕ ਨੂੰ ਵੀ ਹੋਰ ਪਾਸੇ ਦੀ ਕੱਢਿਆ ਗਿਆ।