ਵ੍ਹਿਟਬੀ, 19 ਸਤੰਬਰ (ਪੋਸਟ ਬਿਊਰੋ) : ਸੋਮਵਾਰ ਨੂੰ ਲੰਚ ਸਮੇਂ ਵਿੱਚ ਵ੍ਹਿਟਬੀ ਦੇ ਸਕੂਲ ਵਿੱਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿੱਚ 14 ਸਾਲਾ ਲੜਕੀ ਜ਼ਖ਼ਮੀ ਹੋ ਗਈ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ।
ਇਹ ਘਟਨਾ ਦੁਪਹਿਰੇ 12:00 ਵਜੇ ਡਰਾਇਡਨ ਐਵਨਿਊ ਉੱਤੇ ਸਥਿਤ ਫਾਦਰ ਲੀਓ ਜੇ ਆਸਟਿਨ ਕੈਥੋਲਿਕ ਸੈਕੰਡਰੀ ਸਕੂਲ ਵਿੱਚ ਵਾਪਰੀ। ਇਸ ਘਟਨਾ ਤੋਂ ਤੁਰੰਤ ਬਾਅਦ ਹੀ ਸਕੂਲ ਨੂੰ ਲਾਕਡਾਊਨ ਲਗਾ ਦਿੱਤਾ ਗਿਆ। ਦੁਪਹਿਰੇ 12:40 ਦੇ ਨੇੜੇ ਤੇੜੇ ਮਸ਼ਕੂਕ ਨੂੰ ਹਿਰਾਸਤ ਵਿੱਚ ਲੈ ਲਏ ਜਾਣ ਤੋਂ ਬਾਅਦ ਇਹ ਆਰਡਰ ਹਟਾ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਮਸ਼ਕੂਕ ਵੀ 14 ਸਾਲਾ ਲੜਕੀ ਹੀ ਸੀ।
ਪੁਲਿਸ ਨੇ ਆਖਿਆ ਕਿ ਦੋਵੇਂ ਮਸ਼ਕੂਕ ਤੇ ਜ਼ਖ਼ਮੀ ਲੜਕੀ ਫਾਦਰ ਲੀਓ ਜੇ ਆਸਟਿਨ ਕੈਥੋਲਿਕ ਸੈਕੰਡਰੀ ਸਕੂਲ ਵਿੱਚ ਹੀ ਪੜ੍ਹਦੀਆਂ ਹਨ। ਸਾਰਜੈਂਟ ਬਰਟੋਲੱਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਹਮਲਾ ਸੋਚ ਸਮਝ ਕੇ ਤੇ ਉਸ ਲੜਕੀ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਜਾਂ ਨਹੀਂ। ਉਨ੍ਹਾਂ ਆਖਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।