ਮਿਸੀਸਾਗਾ, 25 ਮਈ (ਪੋਸਟ ਬਿਊਰੋ) : ਮਿਸੀਸਾਗਾ ਦੇ ਇੱਕ ਮਿਡਲ ਸਕੂਲ ਵਿੱਚ ਬੇਕਾਬੂ ਹਿੰਸਾ ਤੇ ਅਵਿਵਸਥਿਤ ਵਿਵਹਾਰ ਬਾਰੇ ਮਿਲੀ ਇੱਕ ਗੰੁਮਨਾਮ ਚਿੱਠੀ ਦੀ ਪੀਲ ਡਿਸਟ੍ਰਿਕਟ ਸਕੂਲ ਬੋਰਡ (ਪੀਡੀਐਸਬੀ) ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਚਿੱਠੀ ਸੋਸ਼ਲ ਮੀਡੀਆ ਉੱਤੇ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਇੰਜ ਲੱਗਦਾ ਹੈ ਕਿ ਇਸ ਨੂੰ ਟੌਮਕਨ ਰੋਡ ਮਿਡਲ ਸਕੂਲ ਦੇ ਸਟਾਫ ਮੈਂਬਰ ਵੱਲੋਂ ਲਿਖਿਆ ਗਿਆ ਹੈ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵਿਦਿਆਰਥੀਆਂ, ਅਧਿਆਪਕਾਂ ਤੇ ਸਟਾਫ ਨੂੰ ਅਸੁਰੱਖਿਅਤ ਮਾਹੌਲ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਸਕੂਲ ਦਾ ਮਾਹੌਲ ਹਿੰਸਕ ਤੇ ਖੌਫ ਵਾਲਾ ਹੈ। ਇਸ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਸਾਡੇ ਸਕੂਲ ਵਿੱਚ ਸਵੈਮਾਣ ਬਚਾਈ ਰੱਖਣਾ ਅਸੰਭਵ ਹੋ ਗਿਆ ਹੈ। ਸਾਡੇ ਸਕੂਲ ਵਿੱਚ ਬਚੇ ਕਿਸੇ ਵੀ ਤਰ੍ਹਾਂ ਦੇ ਢਾਂਚੇ ਤੇ ਹੱਦਾਂ ਨੂੰ ਵਿਦਿਆਰਥੀਆਂ ਵੱਲੋਂ ਅਣਦੇਖਿਆ ਕੀਤਾ ਜਾਵੇਗਾ। ਇਹ ਵੀ ਲਿਖਿਆ ਗਿਆ ਹੈ ਕਿ ਅਸੀਂ ਇਸ ਨੂੰ ਪਹਿਲਾਂ ਵਾਂਗ ਸੁਰੱਖਿਅਤ ਬਣਾਉਣਾ ਚਾਹੁੰਦੇ ਹਾਂ ਤੇ ਇੱਥੇ ਸ਼ਾਂਤੀ ਬਹਾਲ ਰੱਖਣੀ ਚਾਹੁੰਦੇ ਹਾਂ।
ਇਸ ਚਿੱਠੀ ਵਿੱਚ ਕਈ ਅਜਿਹੀਆਂ ਘਟਨਾਵਾਂ ਦੇ ਵੇਰਵੇ ਵੀ ਦਿੱਤੇ ਗਏ ਹਨ ਜਿਹੜੇ ਟੌਮਕਨ ਰੋਡ ਤੇ ਡੰਡਾਸ ਸਟਰੀਟ ਇਲਾਕੇ ਵਿੱਚ ਸਥਿਤ ਇਸ ਸਕੂਲ ਵਿੱਚ ਵਾਪਰੀਆਂ। ਇਨ੍ਹਾਂ ਵਿੱਚ ਤੋੜ ਭੰਨ੍ਹ, ਹਿੰਸਕ ਘਟਨਾਵਾਂ ਤੇ ਗਾਲੀ ਗਲੌਚ ਵਰਗੀਆਂ ਘਟਨਾਵਾਂ ਦੀਆਂ ਉਦਾਹਰਨਾਂ ਦਿੱਤੀਆਂ ਗਈਆਂ ਹਨ। ਅਜਿਹੀਆਂ ਘਟਨਾਵਾਂ ਨੂੰ ਕੁੱਝ ਵਿਦਿਆਰਥੀਆਂ ਵੱਲੋਂ ਦੂਜੇ ਵਿਦਿਆਰਥੀਆਂ, ਸਟਾਫ ਤੇ ਅਧਿਆਪਕਾਂ ਖਿਲਾਫ ਅੰਜਾਮ ਦਿੱਤਾ ਜਾਂਦਾ ਹੈ।ਇਸ ਚਿੱਠੀ ਵਿੱਚ ਤਾਂ ਇੱਥੋਂ ਤੱਕ ਲਿਖਿਆ ਹੈ ਕਿ ਵਿਦਿਆਰਥੀਆਂ ਵੱਲੋਂ ਸਕੂਲ ਦੇ ਬਾਥਰੂਮ ਦੇ ਫਰਸ਼ ਨੂੰ ਗੰਦਾ ਕਰ ਦਿੱਤਾ ਗਿਆ ਹੈ ਤੇ ਇਹ ਵੀ ਕਿ ਉਹ ਆਪਣਾ ਮਲ ਕੰਧਾਂ ਉੱਤੇ ਮਲ ਦਿੰਦੇ ਹਨ। ਬੇਸ਼ਰਮੀ ਦੀ ਹੱਦ ਇਹ ਹੈ ਕਿ ਅਧਿਆਪਕਾਂ ਦੇ ਪਿੱਛੇ ਆ ਕੇ ਕੁੱਝ ਵਿਦਿਆਰਥੀ ਜ਼ੋਰ ਦੀ ਕੰਨ ਵਿੱਚ ਚੀਕਦੇ ਹਨ ਤੇ ਤੁਹਾਨੂੰ ਪਲਟ ਕੇ ਜਵਾਬ ਦਿੰਦੇ ਹਨ।
ਚਿੱਠੀ ਵਿੱਚ ਲਿਖਿਆ ਗਿਆ ਕਿ ਸਕੂਲ ਦੇ ਸਟਾਫ ਵੱਲੋਂ ਪੀਡੀਐਸਬੀ ਤੋਂ ਮਦਦ ਮੰਗਣ ਦੀ ਕਈ ਵਾਰੀ ਕੋਸਿ਼ਸ਼ ਕੀਤੀ ਜਾ ਚੁੱਕੀ ਹੈ ਪਰ ਮਦਦ ਸੰਭਵ ਨਹੀਂ ਹੋ ਸਕੀ। ਇਹ ਵੀ ਲਿਖਿਆ ਗਿਆ ਕਿ ਸਟਾਫ ਨੇ ਸੁਪਰਡੈਂਟ ਨਾਲ ਮੀਟਿੰਗ ਦਾ ਪ੍ਰਬੰਧ ਵੀ ਕਰ ਲਿਆ ਪਰ ਮੀਟਿੰਗ ਵਾਲੇ ਦਿਨ ਉਨ੍ਹਾਂ ਆਖਿਆ ਕਿ ਉਹ ਤਾ ਭੁੱਲ ਹੀ ਗਏ। ਕੋਈ ਵੀ ਇਸ ਮਾਮਲੇ ਵਿੱਚ ਦਖਲ ਨਹੀਂ ਦੇਣੀ ਚਾਹੁੰਦਾ ਤੇ ਸਾਨੂੰ ਸਮਝ ਨਹੀਂ ਆ ਰਿਹਾ ਕਿ ਕਿਉਂ? ਦੂਜੇ ਪਾਸੇ ਸਕੂਲ ਬੋਰਡ ਨੇ ਆਖਿਆ ਕਿ ਉਹ ਇਸ ਚਿੱਠੀ ਤੋਂ ਜਾਣੂ ਹਨ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।