ਟੋਰਾਂਟੋ, 29 ਮਾਰਚ (ਪੋਸਟ ਬਿਊਰੋ) : ਯੌਰਕ ਯੂਨੀਵਰਸਿਟੀ ਵਿੱਚ ਇੱਕ ਵਿਅਕਤੀ ਨੂੰ ਚਾਕੂ ਮਾਰੇ ਜਾਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਪੁਲਿਸ ਨੇ ਦੱਸਿਆ ਕਿ ਇੱਕ ਵੱਡੇ ਗਰੁੱਪ ਵਿੱਚ ਲੜਾਈ ਹੋਣ ਦੀ ਖਬਰ ਦੇ ਕੇ ਉਨ੍ਹਾਂ ਨੂੰ ਰਾਤੀਂ 7:00 ਵਜੇ ਦੇ ਨੇੜੇ ਤੇੜੇ 4700 ਕੀਲ ਸਟਰੀਟ ਸਥਿਤ ਯੌਰਕ ਯੂਨੀਵਰਸਿਟੀ ਕੀਲ ਕੈਂਪਸ ਵਿੱਚ ਯੌਰਕ ਲੇਨਜ਼ ਮਾਲ ਵਿੱਚ ਸੱਦਿਆ ਗਿਆ।ਮੌਕੇ ਉੱਤੇ ਪਹੁੰਚੀ ਪੁਲਿਸ ਨੂੰ ਇੱਕ ਵਿਅਕਤੀ ਛੁਰੇਬਾਜ਼ੀ ਕਾਰਨ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲਿਆ। ਉਸ ਨੂੰ ਨਾਜੁ਼ਕ ਹਾਲਤ ਵਿੱਚ ਪੈਰਾਮੈਡਿਕਸ ਵੱਲੋਂ ਨੇੜਲੇ ਹਸਪਤਾਲ ਲਿਜਾਇਆ ਗਿਆ।
ਪੁਲਿਸ ਨੇ ਦੱਸਿਆ ਕਿ ਮਸ਼ਕੂਕ ਮੌਕੇ ਤੋਂ ਫਰਾਰ ਹੋ ਗਏ। ਮਸ਼ਕੂਕਾਂ ਬਾਰੇ ਪੁਲਿਸ ਵੱਲੋਂ ਅਜੇ ਕੋਈ ਵੇਰਵੇ ਜਾਰੀ ਨਹੀਂ ਕੀਤੇ ਗਏ ਹਨ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਭੇਜੇ ਗਏ ਈ-ਮੇਲ ਐਲਰਟ ਵਿੱਚ ਆਖਿਆ ਗਿਆ ਕਿ ਇਸ ਲੜਾਈ ਵਿੱਚ ਇੱਕ ਵਿਦਿਆਰਥੀ ਤੇ ਕਈ ਕਮਿਊਨਿਟੀ ਤੋਂ ਬਾਹਰ ਦੇ ਲੋਕ ਸ਼ਾਮਲ ਸਨ। ਐਲਰਟ ਵਿੱਚ ਆਖਿਆ ਗਿਆ ਕਿ ਮਸ਼ਕੂਕਾਂ ਨੇ ਚਾਕੂ ਹਵਾ ਵਿੱਚ ਲਹਿਰਾਇਆ ਤੇ ਇੱਕ ਰਾਹਗੀਰ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ, ਉਸ ਨੂੰ ਹਸਪਤਾਲ ਲਿਜਾਇਆ ਗਿਆ। ਟੋਰਾਂਟੋ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।