ਓਨਟਾਰੀਓ, 13 ਮਾਰਚ (ਪੋਸਟ ਬਿਊਰੋ) : ਇੱਕ ਵਾਰੀ ਫਿਰ ਓਨਟਾਰੀਓ ਵਾਸੀਆਂ ਨੂੰ ਆਪਣੀਆਂ ਘੜੀਆਂ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਇੱਕ ਘੰਟੇ ਲਈ ਅੱਗੇ ਕਰਨੀਆਂ ਪੈਣਗੀਆਂ। ਅਜਿਹਾ ਇਸ ਲਈ ਕਰਨਾ ਹੋਵੇਗਾ ਕਿਉਂਕਿ ਐਤਵਾਰ ਸਵੇਰ ਤੋਂ ਇੱਕ ਵਾਰੀ ਫਿਰ ਡੇਅਲਾਈਟ ਸੇਵਿੰਗ ਟਾਈਮ ਸ਼ੁਰੂ ਹੋ ਗਿਆ ਹੈ।
ਅਮਰੀਕਾ ਵਿਚਲੇ ਡਾਕਟਰਾਂ ਵੱਲੋਂ ਹਰ ਸਾਲ ਸਮੇਂ ਨੂੰ ਬਦਲਣ ਦੀ ਇਸ ਕਵਾਇਦ ਬਾਰੇ ਚਰਚਾ ਕੀਤੀ ਜਾ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਡੇਅ ਲਾਈਟ ਸੇਵਿੰਗ ਟਾਈਮ 12 ਮਾਰਚ, 2023 ਤੋਂ ਸ਼ੁਰੂ ਹੋਵੇਗਾ ਤੇ 5 ਨਵੰਬਰ, 2023 ਨੂੰ ਮੁੱਕੇਗਾ। ਡਾਕਟਰਾਂ ਦਾ ਇਹ ਵੀ ਆਖਣਾ ਹੈ ਕਿ ਡੇਲਾਈਟ ਸੇਵਿੰਗ ਟਾਈਮ ਕਾਰਨ ਹਾਰਟ ਅਟੈਕ ਹੋਣ ਦੀਆਂ ਜਾਂ ਦਿਲ ਦੀਆਂ ਹੋਰ ਬਿਮਾਰੀਆਂ ਹੋਣ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ।
ਸਲੀਪ ਸਪੈਸ਼ਲਿਸਟਸ ਤੇ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਡੇਅਲਾਈਟ ਸੇਵਿੰਗ ਸਮੇਂ ਵਿੱਚ ਵਾਧੇ ਨਾਲ ਲਾਈਟ ਵਿੱਚ ਵੀ ਇਜਾਫਾ ਹੁੰਦਾ ਹੈ ਤੇ ਇਸ ਨਾਲ ਲੋਕਾਂ ਨੂੰ ਸੌਣ ਵਿੱਚ ਦਿੱਕਤ ਹੁੰਦੀ ਹੈ ਤੇ ਇਸ ਨਾਲ ਕਈ ਹੋਰ ਮੁੱਦੇ ਵੀ ਜੁੜ ਜਾਂਦੇ ਹਨ। ਦ ਅਮੈਰੀਕਨ ਅਕੈਡਮੀ ਫੌਰ ਸਲੀਪ ਮੈਡੀਸਿਨ (ਏਏਐਸਐਮ) ਵੱਲੋਂ ਸਾਲ ਵਿੱਚ ਦੋ ਵਾਰੀ ਹੋਣ ਵਾਲੀ ਇਸ ਕਵਾਇਦ ਦੇ ਮੁੱਦੇ ਨੂੰ ਛੋਹਿਆ ਗਿਆ। ਅਕੈਡਮੀ ਨੇ ਆਖਿਆ ਕਿ ਇਸ ਨਾਲ ਦਿਲ ਨਾਲ ਜੁੜੀਆਂ ਦਿੱਕਤਾਂ ਵਿੱਚ ਵਾਧਾ ਹੋਣ ਦੇ ਨਾਲ ਨਾਲ ਮੂਡ ਸਬੰਧੀ ਡਿਸਆਰਡਰ ਹੋ ਜਾਂਦੇ ਹਨ ਤੇ ਹਾਦਸੇ ਵੀ ਵੱਧ ਜਾਂਦੇ ਹਨ।
ਪਿੱਛੇ ਜਿਹੇ ਆਸਮ (AASM) ਤੇ ਅਮੈਰੀਕਨ ਮੈਡੀਕਲ ਐਸੋਸਿਏਸ਼ਨ ਨੇ ਆਖਿਆ ਸੀ ਕਿ ਸਟੈਂਡਰਡ ਟਾਈਮ ਉੱਤੇ ਟਿਕੇ ਰਹਿਣਾ ਹੀ ਸੱਭ ਦੇ ਹਿੱਤ ਵਿੱਚ ਹੈ। ਜਿ਼ਕਰਯੋਗ ਹੈ ਕਿ ਓਨਟਾਰੀਓ ਵਿੱਚ 2020 ਵਿੱਚ ਇੱਕ ਬਿੱਲ ਪਾਸ ਕੀਤਾ ਗਿਆ ਸੀ ਕਿ ਹਮੇਸ਼ਾਂ ਲਈ ਡੇਅਲਾਈਟ ਸੇਵਿੰਗ ਟਾਈਮ ਉੱਤੇ ਟਿਕੇ ਰਹਿਣਾ ਚਾਹੀਦਾ ਹੈ ਪਰ ਇਸ ਉੱਤੇ ਕੋਈ ਆਮ ਰਾਇ ਨਹੀਂ ਬਣ ਸਕੀ।ਪਿਛਲੇ ਸਾਲ ਅਮਰੀਕਾ ਦੀ ਸੈਨੇਟ ਵੱਲੋਂ ਸਰਬਸੰਮਤੀ ਨਾਲ ਡੇਅਲਾਈਟ ਸੇਵਿੰਗ ਟਾਈਮ ਨੂੰ ਸਥਾਈ ਤੌਰ ਉੱਤੇ ਅਪਨਾਉਣ ਦੇ ਪੱਖ ਵਿੱਚ ਵੋਟ ਪਾਇਆ ਗਿਆ ਸੀ ਪਰ ਹਾਊਸ ਆਫ ਰਿਪ੍ਰਜੈ਼ਂਟੇਟਿਵਜ਼ ਵਿੱਚ ਇਹ ਬਿੱਲ ਪਾਸ ਹੀ ਨਹੀਂ ਹੋਇਆ। ਪਿਛਲੇ ਹਫਤੇ ਇੱਕ ਵਾਰੀ ਮੁੜ ਸੈਨੇਟਰਜ਼ ਵੱਲੋਂ ਇਹ ਬਿੱਲ ਪੇਸ਼ ਕੀਤਾ ਗਿਆ ਹੈ। ਜੇ ਇਹ ਬਿੱਲ ਸੈਨੇਟ ਤੇ ਹਾਊਸ ਦੋਵਾਂ ਵਿੱਚ ਪਾਸ ਹੋ ਜਾਂਦਾ ਹੈ ਤਾਂ ਇਸ ਵੀਕੈਂਡ ਉੱਤੇ ਬਦਲਣ ਵਾਲਾ ਸਮਾਂ ਅਮਰੀਕਾ ਵਿੱਚ ਆਖਰੀ ਵਾਰੀ ਬਦਲਿਆ ਗਿਆ ਸਮਾਂ ਹੋਵੇਗਾ। ਇਸ ਤੋਂ ਬਾਅਦ ਕੈਨੇਡੀਅਨ ਪ੍ਰੋਵਿੰਸ ਵੀ ਇਸ ਤਰ੍ਹਾਂ ਦਾ ਕਾਨੂੰਨ ਲਿਆ ਸਕਣਗੇ।