ਓਨਟਾਰੀਓ, 24 ਨਵੰਬਰ (ਪੋਸਟ ਬਿਊਰੋ) : ਨਿੱਕੇ ਬੱਚਿਆਂ ਵਿੱਚ ਰੈਸਪੀਰੇਟਰੀ ਸਿੰਸੀਸ਼ੀਅਲ ਵਾਇਰਸ (ਆਰਐਸਵੀ) ਪਾਏ ਜਾਣ ਕਾਰਨ ਬੱਚਿਆਂ ਵਾਲੇ ਹਸਪਤਾਲ ਭਰੇ ਪਏ ਹਨ ਤੇ ਅਜਿਹੇ ਵਿੱਚ ਡਾਕਟਰਾਂ ਨੂੰ ਤੌਖਲਾ ਹੈ ਕਿ ਇਸ ਵਾਇਰਸ ਨਾਲ ਅਗਾਂਹ ਸੱਭ ਤੋਂ ਵੱਧ ਪ੍ਰਭਾਵਿਤ ਹੋਣ ਵਾਲਿਆਂ ਵਿੱਚ ਬਜੁ਼ਰਗਾਂ ਦੀ ਗਿਣਤੀ ਹੋਵੇਗੀ।
ਟੋਰਾਂਟੋ ਵਿੱਚ ਸਿਨਾਇ ਹੈਲਥ ਐਂਡ ਯੂਨੀਵਰਸਿਟੀ ਹੈਲਥ ਨੈੱਟਵਰਕ ਵਿਖੇ ਡਾਇਰੈਕਟਰ ਆਫ ਜੈਰੀਐਟ੍ਰਿਕਸ ਡਾ·ਸਮੀਰ ਸਿਨਹਾ ਨੇ ਆਖਿਆ ਕਿ ਇਸ ਸਮੇਂ ਸੱਭ ਦਾ ਧਿਆਨ ਬੱਚਿਆਂ ਦੇ ਹਸਪਤਾਲਾਂ ਉੱਤੇ ਲੱਗਿਆ ਹੋਇਆ ਹੈ।ਆਉਣ ਵਾਲੇ ਸਮੇਂ ਵਿੱਚ ਸਾਡੇ ਬਜ਼ੁਰਗਾਂ ਨਾਲ ਵੀ ਇਹ ਸੱਭ ਕੁੱਝ ਹੋ ਸਕਦਾ ਹੈ।ਇਨਫੈਕਸ਼ੀਅਸ ਡਜ਼ੀਜ਼ ਮਾਹਿਰਾਂ ਵੱਲੋਂ ਆਮ ਨਾਲੋਂ ਵੱਧ ਖਤਰਨਾਕ ਆਰਐਸਵੀ ਤੇ ਫਲੂ ਸੀਜ਼ਨ ਦੀ ਪੇਸ਼ੀਨਿਗੋਈ ਕੀਤੀ ਗਈ ਹੈ।
ਸਿਰਫ ਬੱਚੇ ਹੀ ਨਹੀਂ ਸਗੋਂ ਬਜ਼ੁਰਗ ਵੀ ਆਰਐਸਵੀ ਦੇ ਵਧੇਰੇ ਸਰਕੂਲੇਟ ਹੋਣ ਕਾਰਨ ਗੰਭੀਰ ਬਿਮਾਰੀ ਦੀ ਚਪੇਟ ਵਿੱਚ ਆ ਸਕਦੇ ਹਨ। ਡਾ·ਸਿਨਹਾ ਨੇ ਆਖਿਆ ਕਿ ਬੱਚਿਆਂ ਤੋਂ ਇਹ ਸਾਹ ਦੀ ਬਿਮਾਰੀ ਕਿਸ ਸਮੇਂ ਬਜ਼ੁਰਗਾਂ ਵਿੱਚ ਫੈਲੇਗੀ ਇਸ ਦਾ ਕਿਆਸ ਵੀ ਨਹੀਂ ਲਾਇਆ ਜਾ ਸਕੇਗਾ।ਉਨ੍ਹਾਂ ਆਖਿਆ ਕਿ ਉਮਰ ਦੇ ਹਿਸਾਬ ਨਾਲ ਆਰਐਸਵੀ ਕਾਰਨ ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਬਾਰੇ ਡਾਟਾ ਵੀ ਸੀਮਤ ਮਾਤਰਾ ਵਿੱਚ ਉਪਲਬਧ ਹੈ। ਆਰਐਸਵੀ ਕਾਰਨ ਹਸਪਤਾਲਾਂ ਵਿੱਚ ਦਾਖਲ ਹੋਣ ਵਾਲੇ ਬਾਲਗਾਂ ਦੀ ਵੱਧ ਰਹੀ ਗਿਣਤੀ ਬਾਰੇ ਡਾਕਟਰ ਪਹਿਲਾਂ ਹੀ ਚਿੰਤਤ ਹਨ।
ਇੱਕ ਬਿਆਨ ਵਿੱਚ ਆਖਿਆ ਗਿਆ ਕਿ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਆਰਐਸਵੀ ਕਾਰਨ ਹਸਪਤਾਲਾਂ ਵਿੱਚ ਦਾਖਲ ਹੋਣ ਵਾਲੇ ਲੋਕਾਂ ਦਾ ਡਾਟਾ ਉਮਰ ਦੇ ਹਿਸਾਬ ਨਾਲ ਇੱਕਠਾ ਨਹੀਂ ਕੀਤਾ ਗਿਆ। ਇਸ ਦੌਰਾਨ ਹੈਲਥ ਕੈਨੇਡਾ ਵੱਲੋਂ ਵੀਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਦੱਸਿਆ ਗਿਆ ਕਿ 25 ਅਕਤੂਬਰ ਨੂੰ ਗਲੈਕਸੋਸਮਿੱਥਲਾਈਨ(ਜੀਐਸਕੇ) ਵੱਲੋਂ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਆਰਐਸਵੀ ਦੀ ਵੈਕਸੀਨ ਪੇਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਫਾਈਜ਼ਰ ਨੇ ਵੀ ਹੈਲਥ ਕੈਨੇਡਾ ਕੋਲ ਜਾਂਚ ਲਈ ਆਰਐਸਵੀ ਦੀਆਂ ਦੋ ਵੈਕਸੀਨ ਜਲਦ ਜਮ੍ਹਾਂ ਕਰਵਾਉਣ ਦੀ ਗੱਲ ਆਖੀ ਹੈ। ਇਨ੍ਹਾਂ ਵਿੱਚੋਂ ਇੱਕ ਵੈਕਸੀਨ ਬਜ਼ੁਰਗਾਂ ਲਈ ਤੇ ਦੂਜੀ ਗਰਭਵਤੀ ਔਰਤਾਂ ਲਈ ਹੋਵੇਗੀ।