ਓਨਟਾਰੀਓ, 17 ਨਵੰਬਰ (ਪੋਸਟ ਬਿਊਰੋ) : ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲੌਈਜ਼ (ਕੂਪ) ਤੇ ਡੱਗ ਫੋਰਡ ਸਰਕਾਰ ਇੱਕ ਵਾਰੀ ਫਿਰ ਹੜਤਾਲ ਨੂੰ ਟਾਲਣ ਲਈ ਤੇ ਕੋਈ ਨਾ ਕੋਈ ਡੀਲ ਫਾਈਨਲ ਕਰਨ ਲਈ ਇਸ ਵੀਕੈਂਡ ਗੱਲਬਾਤ ਕਰਦੇ ਹੋਏ ਬਿਤਾਏਗੀ। ਇਸ ਜਾਣਕਾਰੀ ਵੀਰਵਾਰ ਨੂੰ ਕੂਪ ਦੀ ਸੈਂਟਰਲ ਬਾਰਗੇਨਿੰਗ ਕਮੇਟੀ ਨੇ ਦਿੱਤੀ।
ਇਸ ਬਿਆਨ ਵਿੱਚ ਸਰਕਾਰ ਨੂੰ ਇਹ ਅਪੀਲ ਵੀ ਕੀਤੀ ਗਈ ਕਿ ਉਹ ਵਿਦਿਆਰਥੀਆਂ, ਪਰਿਵਾਰਾਂ ਤੇ ਵਰਕਰਜ਼ ਲਈ ਡੀਲ ਸਿਰੇ ਚੜ੍ਹਾਉਣ ਦੇ ਇਰਾਦੇ ਨਾਲ ਗੱਲਬਾਤ ਲਈ ਪਹੁੰਚੇ। ਕੂਪ ਨੇ ਆਖਿਆ ਕਿ ਦੋਵੇਂ ਧਿਰਾਂ ਐਤਵਾਰ ਨੂੰ ਸ਼ਾਮੀਂ 5:00 ਵਜੇ ਤੱਕ ਡੀਲ ਪੱਕੀ ਕਰਨ ਲਈ ਰਾਜ਼ੀ ਹੋਈਆਂ ਹਨ।
ਕੂਪ ਨੇ ਬੁੱਧਵਾਰ ਨੂੰ ਇੱਕ ਵਾਰੀ ਫਿਰ ਹੜਤਾਲ ਉੱਤੇ ਜਾਣ ਲਈ ਪੰਜ ਦਿਨਾਂ ਦਾ ਨੋਟਿਸ ਦੇ ਦਿੱਤਾ ਸੀ। ਕੂਪ ਨੇ ਆਖਿਆ ਕਿ ਜਦੋਂ ਤਨਖਾਹ ਦੀ ਗੱਲ ਆਉਂਦੀ ਹੈ ਤਾਂ ਦੋਵੇਂ ਧਿਰਾਂ ਵਿਚਲਾ ਰਾਹ ਲੱਭਣ ਦੇ ਸਮਰੱਥ ਹਨ। ਇਸ ਦੌਰਾਨ ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਆਖਿਆ ਕਿ ਦੋ ਦਿਨ ਪਹਿਲਾਂ ਉਹ ਵਿਚੋਲੇ ਨਾਲ ਗੱਲ ਕਰ ਰਹੇ ਸਨ ਤੇ ਮੁੱਖ ਮੁੱਦਾ ਹੀ ਭੱਤਿਆਂ ਵਿੱਚ ਵਾਧਾ ਸੀ। ਲਿਚੇ ਨੇ ਇਹ ਵੀ ਆਖਿਆ ਕਿ ਹਰ ਵਾਰੀ ਜਦੋਂ ਯੂਨੀਅਨ ਦੀ ਇੱਕ ਮੰਗ ਮੰਨ ਲਈ ਜਾਂਦੀ ਹੈ ਤਾਂ ਉਹ ਅਗਲੀ ਵਾਰੀ ਨਵੀਂ ਮੰਗ ਲੈ ਕੇ ਆ ਜਾਂਦੀ ਹੈ।
ਇਸ ਦੌਰਾਨ 55,000 ਐਜੂਕੇਸ਼ਨ ਦੀ ਸੰਭਾਵੀ ਹੜਤਾਲ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪ੍ਰੋਵਿੰਸ ਦੇ ਬਹੁਤੇ ਸਕੂਲ ਬੋਰਡਜ਼ ਵੱਲੋਂ ਸਕੂਲਾਂ ਨੂੰ ਬੰਦ ਰੱਖਣ ਤੇ ਰਿਮੋਟ ਲਰਨਿੰਗ ਦਾ ਫੈਸਲਾ ਕੀਤਾ ਗਿਆ ਹੈ।