ਨਿਊਯਾਰਕ, 22 ਜੂਨ (ਪੋਸਟ ਬਿਊਰੋ)- ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਭਾਰਤੀ ਮੂਲ ਦੇ ਜੋੜੇ ਅਤੇ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ।
ਡਬਲਊ ਪੀ ਐਕਸ ਟੀ ਵੀ ਸਟੇਸ਼ਨ ਨੇ ਦੱਸਿਆ ਕਿ ਦੁਪਹਿਰੇ ਜਦੋਂ ਫ਼ਾਇਰਫ਼ਾਈਟਰ ਉਥੇ ਪਹੁੰਚੇ ਤਾਂ ਘਰ ਅੱਗ ਦੀ ਲਪੇਟ ਵਿੱਚ ਆਇਆ ਹੋਇਆ ਸੀ ਤੇ ਇੱਕ ਫ਼ਲੈਟ ਦੀ ਬੇਸਮੈਂਟ ਵਿੱਚੋਂ ਦੋ ਲਾਸ਼ਾਂ ਮਿਲੀਆਂ। ਫ਼ਾਇਰ ਫ਼ਾਈਟਰਾਂ ਨੂੰ ਅਗਲੇ ਦਿਨ ਤੀਜੀ ਲਾਸ਼ ਮਿਲੀ।ਨਿਊਯਾਰਕ ਪੋਸਟ ਨੇ ਗੁਆਂਢੀਆਂ ਤੇ ਰਿਸ਼ਤੇਦਾਰਾਂ ਦੇ ਹਵਾਲੇ ਨਾਲ ਜੋੜੇ ਦੀ ਪਛਾਣ ਨੰਦਾ ਬਾਲੋ ਪਰਸਾਦ ਅਤੇ ਬੋਨੋ ਸਲੀਮਾ ਸ਼ੈਲੀ ਪਰਸਾਦ ਵਜੋਂ ਕੀਤੀ ਹੈ। ਉਨ੍ਹਾਂ ਦੇ ਬੇਟੇ ਡੇਵੋਨ ਪਰਸਾਦ (22) ਦੀ ਲਾਸ਼ ਅਗਲੇ ਦਿਨ ਮਿਲੀ ਸੀ। ਡਬਲਊ ਪੀ ਆਈ ਐਕਸ ਦੇ ਮੁਤਾਬਕ ਇਸ ਘਟਨਾ ਨੂੰ ਅਧਿਕਾਰੀਆਂ ਨੇ ਫ਼ਾਈਵ-ਅਲਾਰਮ ਫ਼ਾਇਰ ਵਜੋਂ ਸ਼੍ਰੇਣੀਬੱਧ ਕੀਤਾ ਸੀ, ਜੋ ਤੇਜ਼ ਹਵਾਵਾਂ ਕਾਰਨ ਚਾਰ ਹੋਰ ਘਰਾਂ ਵਿੱਚ ਫੈਲ ਗਈ। ਇਸ ਨੇ ਅੱਗੇ ਦੱਸਿਆ ਕਿ 9 ਪਰਵਾਰਾਂ ਦੇ 29 ਬਾਲਗ ਤੇ 13 ਬੱਚੇ ਅੱਗ ਨਾਲ ਪ੍ਰਭਾਵਤ ਹੋਏ ਹਨ, ਜਦੋਂ ਕਿ ਕਈ ਫ਼ਾਇਰਫ਼ਾਈਟਰ ਜ਼ਖ਼ਮੀ ਹੋਏ ਹਨ।ਨਿਊਯਾਰਕ ਪੋਸਟ ਨੇ ਕਿਹਾ ਕਿ ਰਿਸ਼ਤੇਦਾਰਾਂ ਦੇ ਅਨੁਸਾਰ, ਨੰਦਾ ਪਰਸਾਦ ਦਵਾਈਆਂ ਬਣਾਉਣ ਵਾਲੀ ਕੰਪਨੀ ਤੋਂ ਸੇਵਾਮੁਕਤ ਹੋਏ ਸਨ, ਜਦੋਂ ਕਿ ਉਨ੍ਹਾਂ ਦੀ ਪਤਨੀ ਜੇ ਐਫ਼ ਕੇ ਹਵਾਈ ਅੱਡੇ ਉੱਤੇ ਕੰਮ ਕਰਦੀ ਸੀ।