ਵਾਸਿ਼ੰਗਟਨ, 6 ਮਈ (ਪੋਸਟ ਬਿਊਰੋ): ਕੈਨੇਡਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਵ੍ਹਾਈਟ ਹਾਊਸ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਕਿਹਾ ਮੈਨੂੰ ਇਹ ਬੰਦਾ ਪਸੰਦ ਹੈ। ਮਾਰਕ ਕਾਰਨੀ ਨਾਲ ਪਹਿਲੀ ਮੁਲਾਕਾਤ ਤੋਂ ਬਾਅਦ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਬਹੁਤ ਕੁੱਝ ਬਿਆਨ ਕਰਦੀਆਂ ਹਨ।
ਪ੍ਰਧਾਨ ਮੰਤਰੀ ਨਾਲ ਆਪਣੀ ਪਹਿਲੀ ਮੁਲਾਕਾਤ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੋਸ਼ਲ ਮੀਡੀਆ ਫੀਡ `ਤੇ ਮੁਸਕੁਰਾਹਟ, ਦੋਸਤਾਨਾ ਫੋਟੋ ਕੈਪਸ਼ਨ ਅਤੇ ਗਰਮਜੋਸ਼ੀ ਵਾਲੇ ਵੀਡੀਓ ਸਾਜੀਆਂ ਗਈਆਂ ਹਨ।
ਟਰੰਪ ਨੇ ਕਿਹਾ ਕਿ ਨਵੇਂ ਪ੍ਰਧਾਨ ਮੰਤਰੀ ਇੱਕ ਸ਼ਾਨਦਾਰ ਵਿਅਕਤੀ ਹਨ, ਇਹ ਬਹੁਤ ਚੰਗੇ ਹਨ। ਸਾਡੀ ਮੁਲਾਕਾਤ ਬਹੁਤ ਚੰਗੀ ਰਹੀ।
ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਮਨ ਵਿੱਚ ਕਾਰਨੀ ਲਈ ਬਹੁਤ ਸਨਮਾਨ ਹੈ। ਉਨ੍ਹਾਂ ਨੇ ਉਨ੍ਹਾਂ ਦੀ ਚੋਣਾਂਵੀ ਦੌੜ ਦੀ ਪ੍ਰਸੰਸਾ ਕੀਤੀ, ਜਿਸਨੂੰ ਉਨ੍ਹਾਂ ਨੇ ਰਾਜਨੀਤਕ ਇਤਿਹਾਸ ਵਿੱਚ ਸਭਤੋਂ ਵੱਡੀ ਵਾਪਸੀ ਵਿੱਚੋਂ ਇੱਕ ਕਿਹਾ। ਉਨ੍ਹਾਂ ਨੇ ਕੈਨੇਡਾ ਨੂੰ ਆਪਣੇ ਲਈ ਖਾਸ ਦੱਸਿਆ, ਕਿਹਾ ਕਿ ਉਹ ਫੌਜੀ ਰੂਪ ਤੋਂ ਇਸਦੀ ਰੱਖਿਆ ਕਰਨਗੇ ਅਤੇ ਇੱਕ ਦੋਸਤਾਨਾ ਰਿਸ਼ਤਾ ਰਹੇਗਾ।
ਟਰੰਪ ਨੇ ਕਿਹਾ ਕਿ ਕੈਨੇਡਾ ਨੂੰ ਇੱਕ ਅਮਰੀਕੀ ਸੂਬਾ ਬਣਾਉਣ ਦਾ ਸੁਪਨਾ ਹੈ। ਪਰ ਉਨ੍ਹਾਂ ਨੂੰ ਇਸਦੇ ਜਲਦੀ ਵਾਪਰਨ ਦੀ ਵੀ ਉਮੀਦ ਨਹੀਂ ਹੈ ਕਿਉਂਕਿ ਉਹ ਜਾਣਦੇ ਹਨ ਕਿ ਕੈਨੇਡੀਅਨ ਇਸ ਨੂੰ ਲੈਕੇ ਬਿਲਕੁਲ ਤਿਆਰ ਨਹੀਂ।
ਟਰੰਪ ਨਾਲ ਓਵਲ ਆਫਿਸ ਵਿੱਚ, ਕਾਰਨੀ ਨੇ ਕੈਨੇਡਾ ਦੇ 51ਵਾਂ ਸੂਬਾ ਬਣਨ ਦੀ ਕਿਸੇ ਵੀ ਚਰਚਾ ਨੂੰ ਰੋਕਣ ਦੀ ਕੋਸਿ਼ਸ਼ ਵਿੱਚ ਕੈਨੇਡਾ ਬਾਰੇ ਕਿਹਾ ਕਿ ਇਹ ਵਿਕਰੀ ਲਈ ਨਹੀਂ ਹੈ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟਰੰਪ ਨਾਲ ਹੋਈ ਚਰਚਾ ਨੂੰ ‘ਉਸਾਰੂ’ ਦੱਸਿਆ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਹੋਈ ਚਰਚਾ "ਵਿਆਪਕ" ਅਤੇ "ਉਸਾਰੂ" ਸੀ।
ਜਿ਼ਕਰਯੋਗ ਹੈ ਕਿ ਅਗਲੇ ਮਹੀਨੇ ਜੀ-7 ਦੌਰਾਨ ਵੀ ਦੋਵੇਂ ਲੀਡਰ ਮਿਲਣਗੇ। ਵ੍ਹਾਈਟ ਹਾਊਸ ਵਿਚ ਮੰਗਲਵਾਰ ਸਵੇਰੇ ਟਰੰਪ ਨਾਲ ਮੁਲਾਕਾਤ ਅਤੇ ਲੰਚ ਤੋਂ ਬਾਅਦ ਕਾਰਨੀ ਨੇ ਵਾਸਿ਼ੰਗਟਨ, ਡੀ.ਸੀ. ਵਿੱਚ ਕੈਨੇਡੀਅਨ ਦੂਤਾਵਾਸ ਤੋਂ ਪ੍ਰੈੱਸ ਨੂੰ ਸੰਬੋਧਤ ਕੀਤਾ।
ਕਾਰਨੀ ਨੇ ਦੱਸਿਆ ਕਿ ਉਹ ਅਤੇ ਟਰੰਪ ਅਗਲੇ ਮਹੀਨੇ ਐਲਬਰਟਾ ਦੇ ਕੈਨੈਨਾਸਕਿਸ ਵਿਚ ਆਯੋਜਿਤ ਹੋਣ ਵਾਲੇ ਜੀ-7 ਸੰਮੇਲਨ ਵਿੱਚ ਦੁਬਾਰਾ ਨਿੱਜੀ ਤੌਰ 'ਤੇ ਮੁਲਾਕਾਤ ਕਰਨਗੇ।