ਵਾਸਿ਼ੰਗਟਨ, 6 ਮਈ (ਪੋਸਟ ਬਿਊਰੋ): ਪਹਿਲਗਾਮ ਹਮਲੇ ਅਤੇ ਭਾਰਤ-ਪਾਕਿਸਤਾਨ ਤਣਾਅ 'ਤੇ ਸੋਮਵਾਰ ਰਾਤ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਵਿੱਚ ਪਾਕਿਸਤਾਨ ਤੋਂ ਸਵਾਲ ਪੁੱਛਿਆ ਗਿਆ। ਏਐੱਨਆਈ ਅਨੁਸਾਰ, ਪਾਕਿਸਤਾਨ ਤੋਂ ਪੁੱਛਿਆ ਗਿਆ ਕਿ ਕੀ ਲਸ਼ਕਰ-ਏ-ਤੋਇਬਾ ਪਹਿਲਗਾਮ ਹਮਲੇ ਵਿੱਚ ਸ਼ਾਮਿਲ ਸੀ।
ਮੀਟਿੰਗ ਵਿੱਚ ਯੂਐੱਨਐੱਸਸੀ ਮੈਂਬਰਾਂ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਅਤੇ ਜਵਾਬਦੇਹੀ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਇਸ ਦੌਰਾਨ ਯੂਐੱਨਐੱਸਸੀ ਮੈਂਬਰਾਂ ਨੇ ਕਿਹਾ ਕਿ ਪਹਿਲਗਾਮ ਵਿੱਚ ਸੈਲਾਨੀਆਂ ਨੂੰ ਉਨ੍ਹਾਂ ਦੇ ਧਰਮ ਦੇ ਆਧਾਰ 'ਤੇ ਨਿਸ਼ਾਨਾ ਬਣਾਇਆ ਗਿਆ।
ਮੈਂਬਰਾਂ ਨੇ ਪਾਕਿਸਤਾਨ ਵੱਲੋਂ 3 ਦਿਨਾਂ ਵਿੱਚ 2 ਮਿਜ਼ਾਈਲ ਪ੍ਰੀਖਣ ਕਰਨ 'ਤੇ ਵੀ ਚਿੰਤਾ ਪ੍ਰਗਟਾਈ।ਯੂਐੱਨਐੱਸਸੀ ਦੇ ਅਸਥਾਈ ਮੈਂਬਰ ਪਾਕਿਸਤਾਨ ਨੇ ਭਾਰਤ-ਪਾਕਿਸਤਾਨ ਤਣਾਅ 'ਤੇ ਮੀਟਿੰਗ ਦੀ ਅਪੀਲ ਕੀਤੀ ਸੀ। ਇਸ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਇਹ ਮੀਟਿੰਗ ਬੰਦ ਕਮਰੇ ਵਿੱਚ ਹੋਣੀ ਚਾਹੀਦੀ ਹੈ। ਯੂਐੱਨਐੱਸਸੀ ਨੇ ਹਾਲੇੇ ਤੱਕ ਮੀਟਿੰਗ 'ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।
ਸੂਤਰਾਂ ਅਨੁਸਾਰ, ਮੈਂਬਰਾਂ ਨੇ ਪਾਕਿਸਤਾਨ ਵੱਲੋਂ ਭਾਰਤ 'ਤੇ ਲਗਾਏ ਗਏ ਦੋਸ਼ਾਂ ਨੂੰ ਸਵੀਕਾਰ ਨਹੀਂ ਕੀਤਾ। ਹਾਲਾਂਕਿ, ਮੀਟਿੰਗ ਤੋਂ ਪਹਿਲਾਂ, ਯੂਐੱਨ ਮੁਖੀ ਐਂਟੋਨੀਓ ਗੁਟੇਰੇਸ ਨੇ ਦੋਨਾਂ ਦੇਸ਼ਾਂ ਨੂੰ ਕੋਈ ਗਲਤੀ ਨਾ ਕਰਨ ਦੀ ਅਪੀਲ ਕੀਤੀ, ਫੌਜੀ ਕਾਰਵਾਈ ਹੱਲ ਨਹੀਂ ਹੈ।