ਵੈਲਿੰਗਟਨ, 8 ਮਈ (ਪੋਸਟ ਬਿਊਰੋ): ਨਿਊਜ਼ੀਲੈਂਡ ਨੇ ਵਿਜ਼ਟਰ ਵੀਜ਼ਾ ਸਬੰਧੀ ਅਰਜ਼ੀ ਦੇਣ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ। ਨਿਊਜ਼ੀਲੈਂਡ ਦੀ ਸਰਕਾਰੀ ਏਜੰਸੀ ਨੇ ਬੁੱਧਵਾਰ ਨੂੰ ਆਪਣੀ ਵਿਜ਼ਟਰ ਵੀਜ਼ਾ ਅਰਜ਼ੀ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਬਦਲਾਅ ਦਾ ਐਲਾਨ ਕੀਤਾ, ਜਿਸ ਵਿਚ ਸਹਾਇਕ ਦਸਤਾਵੇਜ਼ਾਂ ਦੇ ਅਨੁਵਾਦ ਦੀਆਂ ਜ਼ਰੂਰਤਾਂ ਨੂੰ ਸੌਖਾ ਕੀਤਾ ਗਿਆ ਹੈ।
26 ਮਈ ਤੋਂ ਪ੍ਰਭਾਵੀ ਨਿਯਮ ਮੁਤਾਬਕ ਬਿਨੈਕਾਰਾਂ ਨੂੰ ਹੁਣ ਅੰਗਰੇਜ਼ੀ ਤੋਂ ਇਲਾਵਾ ਹੋਰ ਸਹਾਇਕ ਦਸਤਾਵੇਜ਼ਾਂ ਲਈ ਪ੍ਰਮਾਣਿਤ ਅਨੁਵਾਦ ਪ੍ਰਦਾਨ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ, ਜੋਕਿ ਆਸਟ੍ਰੇਲੀਆ ਦੀ ਨੀਤੀ ਨਾਲ ਮੇਲ ਖਾਂਦੀ ਹੈ। ਇੰਮੀਗ੍ਰੇਸ਼ਨ ਨਿਊਜ਼ੀਲੈਂਡ ਅਨੁਸਾਰ ਜਦੋਂਕਿ ਪ੍ਰਮਾਣਿਤ ਅਨੁਵਾਦ ਹੁਣ ਲਾਜ਼ਮੀ ਨਹੀਂ ਹਨ, ਬਿਨੈਕਾਰਾਂ ਨੂੰ ਹਾਲੇ ਵੀ ਅੰਗਰੇਜ਼ੀ ਵਿੱਚ ਨਾ ਹੋਣ ਵਾਲੇ ਸਾਰੇ ਸਹਾਇਕ ਦਸਤਾਵੇਜ਼ਾਂ ਦੇ ਅੰਗਰੇਜ਼ੀ ਅਨੁਵਾਦ ਜਮ੍ਹਾਂ ਕਰਾਉਣ ਦੀ ਲੋੜ ਹੈ। ਇਨ੍ਹਾਂ ਅਨੁਵਾਦਾਂ ਵਿੱਚ ਅਨੁਵਾਦਕ ਦਾ ਨਾਮ ਅਤੇ ਉਨ੍ਹਾਂ ਦੀਆਂ ਯੋਗਤਾਵਾਂ ਜਾਂ ਅਨੁਭਵ ਦੇ ਵੇਰਵੇ ਸ਼ਾਮਿਲ ਹੋਣੇ ਚਾਹੀਦੇ ਹਨ।
ਇੰਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਆਪਣੀ ਘੋਸ਼ਣਾ ਵਿੱਚ ਕਿਹਾ ਕਿ ਅਨੁਵਾਦ ਬਿਨੈਕਾਰ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਜਾਂ ਅਰਜ਼ੀ ਪ੍ਰਕਿਰਿਆ ਵਿੱਚ ਸ਼ਾਮਿਲ ਇੰਮੀਗ੍ਰੇਸ਼ਨ ਸਲਾਹਕਾਰਾਂ ਦੁਆਰਾ ਪੂਰੇ ਨਹੀਂ ਕੀਤੇ ਜਾ ਸਕਦੇ ਹਨ। ਇੰਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਕਿਹਾ ਕਿ ਇਹ ਬਦਲਾਅ ਸਿਰਫ ਵਿਜ਼ਟਰ ਵੀਜ਼ਾ ਅਰਜ਼ੀਆਂ 'ਤੇ ਲਾਗੂ ਹੁੰਦਾ ਹੈ। ਨਿਵਾਸੀ ਵੀਜ਼ਾ ਅਰਜ਼ੀਆਂ ਲਈ ਸਾਰੇ ਗੈਰ-ਅੰਗਰੇਜ਼ੀ ਦਸਤਾਵੇਜ਼ਾਂ ਦੇ ਪ੍ਰਮਾਣਿਤ ਅਨੁਵਾਦਾਂ ਦੀ ਜ਼ਰੂਰਤ ਲਾਗੂ ਹੈ। ਨੀਤੀ ਵਿੱਚ ਤਬਦੀਲੀ ਅਰਜ਼ੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਅਤੇ ਬਿਨੈਕਾਰਾਂ ਦੇ ਬੋਝ ਨੂੰ ਘਟਾਉਣ ਲਈ ਮੰਨੀ ਜਾਂਦੀ ਹੈ, ਜਿਸ ਨਾਲ ਸੈਲਾਨੀਆਂ ਲਈ ਲਾਭਕਾਰੀ ਹੋਵੇਗੀ।