ਵੈਨਕੁਵਰ, 15 ਜੁਲਾਈ (ਪੋਸਟ ਬਿਊਰੋ) : ਬੀ.ਸੀ. ਵਿੱਚ ਰੀਨਾ ਵਿਰਕ ਦੀ ਹੱਤਿਆ ਕਰਨ ਦੇ ਦੋਸ਼ ਵਿਚ ਉਮਰ ਕੈਦ ਕੱਟ ਰਹੀ ਔਰਤ ਦੇ ਪੈਰੋਲ ਦੇ ਵਿਸ਼ੇਸ਼ ਅਧਿਕਾਰਾਂ ਨੂੰ ਮੈਥੈਂਫੇਟਾਮਾਈਨ ਲਈ ਕੀਤੇ ਡਰੱਗ ਟੈਸਟ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਹੈ।
ਪੈਰੋਲ ਬੋਰਡ ਆਫ਼ ਕੈਨੇਡਾ ਵੱਲੋਂ ਨਵੇਂ ਜਾਰੀ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ, ਕੈਰੀ ਸਿਮ, ਜਿਸਨੇ ਆਪਣਾ ਨਾਮ ਕੈਲੀ ਐਲਾਰਡ ਤੋਂ ਬਦਲਿਆ ਸੀ, ਨੇ ਜਨਵਰੀ ਵਿੱਚ ਪੈਰੋਲ ਦੌਰਾਨ ਸ਼ਰਤਾਂ ਦੀ ਉਲੰਘਣਾ ਕੀਤੀ ਸੀ, ਨੂੰ ਵਾਰੰਟ ‘ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਸਿਮ ਉਦੋਂ ਤੋਂ ਹਿਰਾਸਤ ਵਿੱਚ ਹੈ। ਬੋਰਡ ਦੇ ਲਿਖਤੀ ਫੈਸਲੇ ਵਿੱਚ ਕਿਹਾ ਗਿਆ ਹੈ ਕਿ ਉਸਨੇ ਪਿਛਲੇ ਦੋ ਮੌਕਿਆਂ 'ਤੇ ਪਿਸ਼ਾਬ ਦੇ ਨਮੂਨੇ ਦੇਣ ਤੋਂ ਵੀ ਪਰਹੇਜ਼ ਕੀਤਾ ਸੀ, ਜੋ ਕਿ ਉਸਦੀ ਸ਼ਰਤਾਂ ਦੀ ਇੱਕ ਹੋਰ ਉਲੰਘਣਾ ਸੀ।
ਸਿਮ ਨੂੰ 2017 ਤੋਂ ਦਿਨ ਦੀ ਪੈਰੋਲ ਦੀ ਇਜਾਜ਼ਤ ਦਿੱਤੀ ਗਈ ਹੈ, ਜਿਸ ਨਾਲ ਉਸਨੂੰ ਜੇਲ੍ਹ ਵਿੱਚ ਜਨਮੇ ਦੋ ਬੱਚਿਆਂ ਦੀ ਪਰਵਰਿਸ਼ ਕਰਨ ਦੀ ਵਧ ਆਜ਼ਾਦੀ ਮਿਲੀ। ਉਹ 14 ਨਵੰਬਰ, 1997 ‘ਚ ਵਿਕਟੋਰੀਆ ਦੇ ਕ੍ਰੇਗਫਲਾਵਰ ਬ੍ਰਿਜ ਦੇ ਹੇਠਾਂ 14 ਸਾਲਾ ਵਿਰਕ ਨੂੰ ਡੁੱਬੋਣ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੀ ਹੈ। ਸਿਮ ਉਸ ਸਮੇਂ ਵਿਰਕ ਤੋਂ ਇੱਕ ਸਾਲ ਵੱਡੀ ਸੀ ਅਤੇ ਹੁਣ 42 ਸਾਲ ਦੀ ਹੈ। ਪੈਰੋਲ ਬੋਰਡ ਆਫ਼ ਕੈਨੇਡਾ ਦੇ ਫੈਸਲੇ ਦੇ ਅਨੁਸਾਰ, ਸਿਮ ਦਾ ਵਿਵਹਾਰ ਉਸਦੇ ਡਰੱਗ ਟੈਸਟ ਵਿੱਚ ਅਸਫਲ ਹੋਣ ਤੋਂ ਪਹਿਲਾਂ ਦੇ ਮਹੀਨਿਆਂ ਵਿੱਚ ਨਾਂਹ ਪੱਖੀ ਅਤੇ ਗ਼ੈਰ-ਅਨੁਕੂਲ ਰਿਹਾ ਸੀ।