ਚੰਡੀਗੜ੍ਹ, 14 ਜੁਲਾਈ (ਪੋਸ ਬਿਊਰੋ): ਦੁਨੀਆਂ ਦੇ ਸਭ ਤੋਂ ਬਜ਼਼ੁਰਗ ਐਥਲੀਟ ਅਤੇ ਟਰਬਨ ਟੋਰਨਾਡੋ ਵਜੋਂ ਮਸ਼ਹੂਰ, ਫੌਜਾ ਸਿੰਘ ਦਾ ਸੋਮਵਾਰ ਰਾਤ 114 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਜਲੰਧਰ ਵਿੱਚ ਸੈਰ ਕਰਦੇ ਸਮੇਂ, ਉਨ੍ਹਾਂ ਨੂੰ ਇੱਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਉਨ੍ਹਾਂ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਰਾਤ ਨੂੰ ਆਖਰੀ ਸਾਹ ਲਿਆ।
ਪੁਲਿਸ ਨੇ ਉਨ੍ਹਾਂ ਦੇ ਪੁੱਤਰ ਧਰਮਿੰਦਰ ਸਿੰਘ ਦੀ ਸਿ਼ਕਾਇਤ 'ਤੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ ਕੀਤਾ ਹੈ। ਫੌਜਾ ਸਿੰਘ ਆਪਣੇ ਪੁੱਤਰ ਨਾਲ ਬਿਆਸ ਪਿੰਡ ਵਿੱਚ ਰਹਿੰਦੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਪੁੱਤਰ ਅਤੇ ਧੀਆਂ ਦੇ ਵਿਦੇਸ਼ ਤੋਂ ਵਾਪਿਸ ਆਉਣ ਤੋਂ ਬਾਅਦ ਕੀਤਾ ਜਾਵੇਗਾ। ਫੌਜਾ ਸਿੰਘ ਨੇ 80 ਸਾਲ ਦੀ ਉਮਰ ਵਿੱਚ ਦੌੜਨਾ ਸ਼ੁਰੂ ਕੀਤਾ ਸੀ। ਉਹ 2012 ਲੰਡਨ ਓਲੰਪਿਕ ਵਿੱਚ ਮਿਸ਼ਾਲਧਾਰੀ ਵੀ ਸਨ।
ਇੱਕ ਪ੍ਰੋਗਰਾਮ ਵਿੱਚ, ਉਨ੍ਹਾਂ ਨੇ ਕਿਹਾ ਸੀ ਕਿ ਪਿੰਡ ਮੇਰੇ ਲਈ ਸਭ ਕੁਝ ਹੈ। ਮੈਂ ਇੱਥੇ ਪੈਦਾ ਹੋਇਆ ਸੀ, ਇੱਥੇ ਵੱਡਾ ਹੋਇਆ ਸੀ। ਮੈਂ ਇਸਨੂੰ ਕਿਵੇਂ ਛੱਡ ਸਕਦਾ ਹਾਂ? ਮੈਂ ਪਿਛਲੇ ਸਾਲ ਕੈਨੇਡਾ ਗਿਆ ਸੀ। ਮੈਂ ਉੱਥੇ ਬਿਮਾਰ ਹੋ ਗਿਆ ਅਤੇ ਡਰ ਗਿਆ ਕਿ ਮੈਂ ਕਿਤੇ ਵਾਪਿਸ ਹੀ ਨਾ ਜਾ ਸਕਾਂ। ਮੇਰਾ ਸੁਪਨਾ ਹੈ ਕਿ 'ਮੈਨੂੰ ਆਪਣੇ ਦੇਸ਼ ਵਿੱਚ ਮਰਾਂ, ਆਪਣੇ ਪਿੰਡ ਵਿਚ ਮਰਾਂ।